ਬਠਿੰਡਾ
ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪਣੀ ਮੰਗਾਂ ਨੂੰ ਲੈ ਕੇ 14 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ’ਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਬੈਨਰ ਹੇਠ ‘ਜਵਾਬ ਮੰਗ ਰੈਲੀ’ ਕਰਨਗੀਆਂ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਆਗੂ ਪ੍ਰਤਿਭਾ ਸ਼ਰਮਾ, ਸਰਕਲ ਪ੍ਰਧਾਨ ਰਣਜੀਤ ਕੌਰ, ਸੁਖਵਿੰਦਰ ਕੌਰ, ਕਿਰਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਅੱਠ ਮਹੀਨੇ ਬੀਤਣ ਵਾਲੇ ਹਨ, ਪ੍ਰੰਤੂ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ।
ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਦਿੱਤੇ ਜਾ ਰਹੇ ਲਾਲੀਪੋਪ ਖਿਲਾਫ ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਇਕ ਲਾਮਿਸ਼ਾਲ ਰੈਲੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹੱਕੀ ਤੇ ਜਾਇਜ਼ ਮੰਗਾਂ ਸਮੇਂ ਸਿਰ ਮਾਣ ਭੱਤੇ ਦੀ ਪੂਰੀ ਪ੍ਰਾਪਤੀ ਕਰਾਉਣ, ਪਿਛਲੀ ਸਰਕਾਰ ਵੱਲੋਂ ਵਧਾਏ ਗਏ ਮਾਣਭੱਤੇ ਨੂੰ ਲਾਗੂ ਕਰਾਉਣ, ਆਂਗਣਵਾੜੀ ਕੇਂਦਰਾਂ ਵਿੱਚ ਵਰਕਰ ਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ, ਮੁੱਢਲੀ ਬਾਲ ਦੇਖਭਾਲ ਤਹਿਤ 0 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਂਦਰਾਂ ਵਿੱਚ ਰੱਖਦੇ ਹੋਏ ਪ੍ਰੀ ਸਕੂਲ ਸਿੱਖਿਆ ਜਾਰੀ ਰੱਖਣ।
ਆਂਗਣਵਾੜੀ ਵਰਕਰਾਂ ਨੂੰ ਪ੍ਰੀ ਪ੍ਰਾਇਮਰੀ ਅਧਿਆਕਾਂ ਦਾ ਦਰਜਾ ਦਿਵਾਉਣ, ਐਨ ਜੀ ਓ ਨੂੰ ਦਿੱਤੇ ਤਿੰਨ ਜ਼ਿਲ੍ਹਿਆਂ ’ਚ ਬੱਚਿਆਂ ਦੀ ਫੀਸ ਵਾਪਸੀ ਲਈ, ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਅਨੁਸਾਰ ਗ੍ਰੈਚੁਟੀ ਅਤੇ ਪੈਨਸ਼ਨ ਲਈ ਅਤੇ ਐਡਵਾਈਜ਼ਰੀ ਬੋਰਡ ਅਤੇ ਚਾਈਲਡ ਵੈਲਫੇਅਰ ਕੌਂਸ ’ਚ ਚਲਦੇ ਆਂਗਣਵਾੜੀ ਕੇਂਦਰਾਂ ਨੂੰ ਵਾਪਸ ਵਿਭਾਗ ’ਚ ਲਿਆਉਣ ਲਈ 14 ਨਵੰਬਰ ਨੂੰ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।