PSEB ਵੱਲੋਂ 10ਵੀਂ ਜਮਾਤ ਦੇ ਐਲਾਨੇ ਨਤੀਜਿਆਂ ‘ਚ ਕੁੜੀਆਂ ਨੇ ਫਿਰ ਮਾਰੀ ਬਾਜ਼ੀ, ਫਰੀਦਕੋਟ ਦੀ ਗਗਨਦੀਪ ਬਣੀ ਸੂਬੇ ਦੀ ਟੌਪਰ

377

 

ਦਲਜੀਤ ਕੌਰ, ਐੱਸ ਏ ਐੱਸ ਨਗਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2023 ਵਿੱਚ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਕਰਵਾਈ ਗਈ ਸੀ। 10ਵੀਂ ਕਲਾਸ ਵਿਚੋਂ ਫਰੀਦਕੋਟ ਜ਼ਿਲ੍ਹੇ ਦੀ ਗਗਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਨਤੀਜਿਆਂ ਅਨੁਸਾਰ ਪਹਿਲੇ ਨੰਬਰ ਤੇ ਰਹੀ ਗਗਨਦੀਪ ਕੌਰ ਨੇ 650/650 (100%) ਅੰਕ ਪ੍ਰਾਪਤ ਕੀਤੇ। ਉਹ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਦੀ ਵਿਦਿਆਰਥਣ ਹੈ। ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਦੀ ਹੀ ਨਵਜੋਤ ਨੇ 648 ਅੰਕ (99.69%) ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਰਕਾਰੀ ਹਾਈ ਸਕੂਲ ਮੰਢਾਲੀ (ਮਾਨਸਾ) ਦੀ ਹਰਮਨਦੀਪ ਕੌਰ ਨੇ 646/650 ਅੰਕ (99.38%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਵਾਰ ਰੈਗੂਲਰ ਤੌਰ ਉਤੇ ਕੁੱਲ 2,81,327 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ 2,74,400 ਵਿਦਿਆਰਥੀ ਪਾਸ ਹੋਏ ਜੋ 97.54 ਫੀਸਦੀ ਬਣਦੀ ਹੈ। 6171 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਜੋ ਕਿ 2.19 ਫੀਸਦੀ ਹੈ, 653 ਫੇਲ੍ਹ ਹੋਏ ਹਨ ਜਿਨ੍ਹਾਂ ਦੀ ਪ੍ਰਤੀਸ਼ਤ 0.23 ਫੀਸਦੀ ਹੈ। ਜਦੋਂ ਕਿ 103 ਵਿਦਿਆਰਥੀਆਂ ਨੇ ਪ੍ਰੀਖਿਆ ਨਹੀਂ ਦਿੱਤੀ। ਸਬੰਧਤ ਪਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਕੱਲ੍ਹ 27 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ‘ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ਵੈੱਬ-ਸਾਈਟਜ਼ ਤੋਂ ਸਬੰਧਤ ਪਰੀਖਿਆਰਥੀ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ।

ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਨਾਲੋਂ ਰਿਹਾ ਚੰਗਾ ਰਿਹਾ ਹੈ ਜੋ ਕਿ 97.76 % ਹੈ ਜਦੋਂ ਕਿ ਪ੍ਰਾਈਵੇਟ ਸਰਕਾਰੀ ਸਕੂਲਾਂ ਦਾ ਨਤੀਜਾ 97% ਰਿਹਾ ਹੈ। ਪਿੰਡਾਂ ਦੇ ਸਕੂਲਾਂ ਦਾ ਨਤੀਜਾ ਸ਼ਹਿਰੀ ਸਕੂਲਾਂ ਨਾਲੋਂ ਰਿਹਾ ਚੰਗਾ ਰਿਹਾ ਹੈ। ਪਿੰਡਾ ਦੇ ਸਕੂਲਾਂ ਦਾ ਨਤੀਜਾ 97.94% ਰਿਹਾ ਹੈ ਜਦੋਂ ਕਿ ਸ਼ਹਿਰੀ ਸਕੂਲਾਂ ਦਾ ਨਤੀਜਾ 96.77% ਰਿਹਾ ਹੈ। ਇਸੇ ਤਰ੍ਹਾਂ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 98.46% ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 96.73% ਰਹੀ ਹੈ।

ਸੱਭ ਤੋਂ ਪਹਿਲੇ ਨੰਬਰ ਤੇ ਪਠਾਨਕੋਟ ਜ਼ਿਲ੍ਹਾ ਰਿਹਾ ਜਿਸਦੀ ਚ ਪਾਸ ਪ੍ਰਤੀਸ਼ਤਤਾ 99.19 ਫੀਸਦੀਸਭ ਤੋਂ ਵੱਧ ਰਹੀ, ਦੂਜੇ ਨੰਬਰ ਤੇ ਕਪੂਰਥਲਾ ਦੀ ਪਾਸ ਪ੍ਰਤੀਸ਼ਤਤਾ 99.02 ਫੀਸਦੀ ਰਹੀ ਹੈ ਅਤੇ ਤੀਜੇ ਸਥਾਨ ਤੇ ਅਮ੍ਰਿਤਸਰ ਦੀ ਪਾਸ ਪ੍ਰਤੀਸ਼ਤਤਾ 98.97 ਫੀਸਦੀ ਰਹੀ ਹੈ। ਪੰਜਾਬ ਦਾ ਛੋਟਾ ਜ਼ਿਲ੍ਹਾ ਬਰਨਾਲਾ ਦੀ ਪਾਸ ਪ੍ਰਤੀਸ਼ਤਤਾ ਸੱਭ ਤੋਂ ਘੱਟ ਰਹੀ ਜੋ ਕਿ 95.96 ਫੀਸਦੀ ਹੀ ਬਣਦੀ ਹੈ। ਪਿਛਲੇ ਸਾਲ ਨਾਲੋਂ ਘਟੀ ਪਾਸ ਪ੍ਰਤੀਸ਼ਤਤਾ, 2022 ‘ਚ 99.06% ਦਰਜ ਹੋਈ ਸੀ।

ਵਿਦਿਆਰਥੀ ਮਾਂ ਬੋਲੀ ਪੰਜਾਬੀ ‘ਚੋਂ ਹੀ ਪਛੜੇ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ ਵਿੱਚ ਵਿਦਿਆਰਥੀ ਮਾਂ ਬੋਲੀ ਪੰਜਾਬੀ ਵਿੱਚੋਂ ਪਛੜ ਗਏ ਹਨ। ਮੁੱਖ ਵਿਸ਼ਿਆਂ ਵਿਚੋਂ ਪੰਜਾਬੀ ਦੀ ਪਾਸ ਪ੍ਰਤੀਸ਼ਤਤਾ ਸਭ ਤੋਂ ਘੱਟ ਰਹੀ ਹੈ। 2,81,267 ਵਿਦਿਆਰਥੀਆਂ ਨੇ ਪੰਜਾਬੀ ਦੀ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 2,79,002 ਵਿਦਿਆਰਥੀ ਪਾਸ ਹੋਏ ਜਿਸ ਦੀ ਪਾਸ ਫੀਸਦੀ 99.19 ਬਣਦੀ ਹੈ, ਜੋ ਕਿ ਬਾਕੀ ਸਾਰੇ ਮੇਨ ਵਿਸ਼ਿਆਂ ਨਾਲੋਂ ਘੱਟ ਹੈ। ਅੰਗਰੇਜ਼ੀ ਵਿਚੋਂ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 99.22 ਰਹੀ, ਹਿੰਦੀ ਵਿਚੋਂ 99.62 ਫੀਸਦੀ, ਗਣਿਤ ਵਿਚੋਂ 99.74 ਫੀਸਦੀ, ਸਾਇੰਸ ਵਿਚੋਂ 99.24 ਫੀਸਦੀ, ਸਮਾਜਿਕ ਸਿੱਖਿਆ 97.37 ਫੀਸਦੀ ਵਿਦਿਆਰਥੀ ਪਾਸ ਹੋਏ।

 

LEAVE A REPLY

Please enter your comment!
Please enter your name here