ਪੰਜਾਬ ਸਰਕਾਰ ਵਲੋਂ ਝੋਨੇ ਦੀ ਕੰਬਾਈਨ ਨਾਲ ਕਟਾਈ ਬਾਰੇ ਨਵੇਂ ਹੁਕਮ ਜਾਰੀ, ਰਾਤ 7 ਵਜੇ ਤੋਂ ਬਾਅਦ ਝੋਨਾ ਕੱਟਣ ਤੇ ਪਾਬੰਦੀ

401

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਰਕਾਰ ਦੇ ਵਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਪਟਿਆਲਾ ਦੇ ਅਡੀਸਨਲ ਜ਼ਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਸ਼ਾਮ 7.00 ਵਜੇ ਤੋਂ ਸਵੇਰ 10.00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ਉਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਲ 2022 ਦੌਰਾਨ ਝੋਨੇ (ਜ਼ੀਰੀ) ਦੀ ਫਸਲ ਦੀ ਕਟਾਈ ਸ਼ੁਰੂ ਹੋ ਰਹੀ ਹੈ। ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਝੋਨਾ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਇਨਾਂ ਰਾਤ ਵੇਲੇ ਹਰਾ ਝੋਨਾ ਜਿਹੜਾ ਕਿ ਚੰਗੀ ਤਰ੍ਹਾਂ ਪੱਕਿਆ ਨਹੀਂ ਹੁੰਦਾ, ਭਾਵ ਕੱਚਾ ਦਾਣਾ ਕੱਟ ਦਿੰਦੀਆਂ ਹਨ। ਹਰਾ ਕੱਟਿਆ ਹੋਇਆ ਝੋਨਾ ਸੁੱਕਣ ਉਤੇ ਕਾਲਾ ਪੈ ਜਾਂਦਾ ਹੈ, ਸਵੇਰੇ ਜਲਦੀ ਕੰਬਾਇਨਾਂ ਚੱਲਣ ਨਾਲ ਨਮੀ ਵਾਲੇ ਝੋਨੇ ਦੀ ਮਿਕਦਾਰ ਬਹੁਤ ਜ਼ਿਆਦਾ ਹੋ ਜਾਂਦੀ ਹੈ।

ਜਦੋਂ ਇਹ ਸਿੱਲ੍ਹਾ ਝੋਨਾ ਮੰਡੀਆਂ ਵਿੱਚ ਵਿਕਣ ਲਈ ਲਿਆਂਦਾ ਜਾਂਦਾ ਹੈ ਤਾਂ ਨਮੀ ਦੀ ਪ੍ਰਵਾਨਿਤ ਹੱਦ ਨਾਲੋਂ ਜ਼ਿਆਦਾ ਹੋਣ ਕਾਰਨ ਖਰੀਦ ਏਜੰਸੀਆਂ ਖਰੀਦ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ। ਸਿੱਟੇ ਵਜੋਂ ਮੰਡੀਆਂ ਵਿੱਚ ਅਣਵਿਕੇ ਝੋਨੇ ਦੇ ਅੰਬਾਰ ਜਮ੍ਹਾਂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਇਨਾਂ ਵੀ ਕਟਾਈ ਕਰਦੀਆਂ ਹਨ, ਜੋ ਝੋਨੇ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਸ ਕਰਕੇ ਖਰੀਦ ਏਜੰਸੀਆਂ ਇਸ ਦੀ ਖਰੀਦ ਕਰਨ ਤੋਂ ਹਿਚਕਿਚਾਉਂਦੀਆਂ ਹਨ। ਝੋਨਾ ਸਮੇਂ ਸਿਰ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ। ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੁੰਦਾ ਹੈ।

ਏਡੀਸੀ ਨੇ ਜ਼ਿਲ੍ਹਾ ਪਟਿਆਲਾ ਅੰਦਰ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਕੰਬਾਇਨ ਹਾਰਵੈਸਟਰ ਸੁਪਰ ਐਸ.ਐਮ.ਐਸ. ਲਗਾਏ ਬਗੈਰ ਫਸਲ ਦੀ ਕਟਾਈ ਨਹੀ ਕਰੇਗੀ ਅਤੇ ਖੇਤੀਬਾੜੀ ਵਿਭਾਗ ਰਾਹੀਂ ਹਾਰਵੈਸਟਰ ਕੰਬਾਇਨਜ਼ ਦੇ ਓਪਰੇਸ਼ਨ ਬਾਰੇ ਇੰਸਪੈਕਸ਼ਨ ਕਰਵਾਈ ਜਾਵੇ। ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ ਨੂੰ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਹੈ। ਇਹ ਹੁਕਮ ਜ਼ਿਲ੍ਹੇ ਵਿੱਚ 22 ਨਵੰਬਰ 2022 ਤੱਕ ਲਾਗੂ ਰਹਿਣਗੇ।

 

LEAVE A REPLY

Please enter your comment!
Please enter your name here