ਚੰਡੀਗੜ੍ਹ-
ਸਿੱਖਿਆ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਕਿਸੇ ਨਾ ਕਿਸੇ ਵਿਵਾਦ ਵਿਚ ਘਿਰਿਆ ਆ ਰਿਹਾ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਿਕ, ਹੁਣ ਸਿੱਖਿਆ ਵਿਭਾਗ ਨਵੀਂ ਲਾਪਰਵਾਹੀ ਦੇ ਕਾਰਨ ਘਿਰ ਚੁੱਕਿਆ ਹੈ। ਦਰਅਸਲ, ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਵਾਸਤੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਅਸਾਮੀਆਂ ਭਰਨ ਦੀ ਮੰਗ ਕੀਤੀ ਸੀ।
ਪਰ ਵਿਭਾਗ ਈਟੀਟੀ ਅਸਾਮੀਆਂ ਦੇ ਵਾਸਤੇ ਸਲੇਬਸ ਹੀ ਜਾਰੀ ਕਰਨਾ ਭੁੱਲ ਗਿਆ ਹੈ। ਪੰਜਾਬੀ ਜਾਗਰਣ ਵਿਚ ਛਪੀ ਖ਼ਬਰ ਦੇ ਮੁਤਾਬਿਕ, ਸਿੱਖਿਆ ਵਿਭਾਗ ਨੇ 14 ਅਕਤੂਬਰ 2022 ਤੋਂ ਲੈ ਕੇ 10 ਨਵੰਬਰ 2022 ਅਪਲਾਈ ਕਰਵਾਉਣ ਲਈ ਸਮਾਂ ਤੈਅ ਕੀਤਾ ਸੀ।
ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਆਖਰੀ ਮਿਤੀ ਦੇ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਵਿਭਾਗ ਨੇ ਸਿਲੇਬਸ ਜਾਰੀ ਨਹੀਂ ਕੀਤਾ ਹੈ। ਜਿਸ ਕਾਰਨ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਚੁੱਕੇ ਉਮੀਦਵਾਰ ਭਾਰੀ ਦੁਵਿਧਾ ਵਿਚ ਹਨ ਕਿ ਆਖਰ ਉਹ ਕਿਸ ਪੈਟਰਨ ਮੁਤਾਬਕ ਪ੍ਰੀਖਿਆ ਦੀ ਤਿਆਰੀ ਕਰਨ।
ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਜੀਵਨ ਸਲੇਮਗਡ਼੍ਹ, ਬੱਗਾ ਖੁਡਾਲ, ਗੁਰਸਿਮਰਤ ਮਾਲੇਰਕੋਟਲਾ, ਸ਼ੰਕਰ ਬਰੇਟਾ, ਸੁਖਜੀਤ ਨਾਭਾ, ਗਗਨ ਮਾਨਸਾ ਤੇ ਬਿਪਨ ਕਪੂਰਥਲਾ ਸਮੇਤ ਹੋਰਨਾਂ ਨੇ ਦੱਸਿਆ ਕਿ ਇਨ੍ਹਾਂ 5994 ਅਸਾਮੀਆਂ ਸਬੰਧੀ ਇਸ਼ਤਿਹਾਰ ਤਤਕਾਲੀ ਕਾਂਗਰਸ ਸਰਕਾਰ ਵੇਲੇ 16 ਦਸੰਬਰ 2021 ਨੂੰ ਜਾਰੀ ਕੀਤਾ ਗਿਆ ਸੀ।
ਜਿਸ ਤੋਂ ਲਗਪਗ ਇਕ ਸਾਲ ਬਾਅਦ ਵਿਭਾਗ ਨੇ 12 ਅਕਤੂਬਰ ਨੂੰ ਅਸਾਮੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਕੇ 14 ਅਕਤੂਬਰ 2022 ਤੋਂ ਪੋਰਟਲ ਖੋਲ੍ਹਿਆ ਸੀ। ਜਿਸ ਤੋਂ ਬਾਅਦ ਉਮੀਦਵਾਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਵੀ ਕਰ ਦਿੱਤਾ ਹੈ ਪਰ ਸਿਲੇਬਸ ਜਾਰੀ ਨਾ ਹੋਣ ਕਾਰਨ ਉਮੀਦਵਾਰ ਡਾਢੇ ਪਰੇਸ਼ਾਨ ਹਨ।
ਆਗੂਆਂ ਨੇ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਲਗਪਗ ਸਾਰੇ ਹੀ ਉਮੀਦਵਾਰ ਪਿਛਲੇ 2364 ਤੇ 6635 ਅਸਾਮੀਆਂ ਦੇ ਸਿਲੇਬਸ ਮੁਤਾਬਕ ਵੱਖ-ਵੱਖ ਕੋਚਿੰਗ ਸੈਂਟਰਾਂ ਤੋਂ ਸਿਖਲਾਈ ਲੈਣ ਲੱਗੇ ਹੋਏ ਸਨ।
ਪਰ ਇਕ ਦਮ ਹੀ ਪ੍ਰੀਖਿਆ 200 ਅੰਕਾਂ ਦੀ ਕਰਨ ਨਾਲ ਉਮੀਦਵਾਰਾਂ ਦੀ ਸਿਖਲਾਈ ਵਿਚ ਖਡ਼੍ਹੋਤ ਆ ਗਈ ਹੈ। ਹੁਣ ਉਮੀਦਵਾਰ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਧਿਕਾਰਿਤ ਸਿਲੇਬਸ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਤੋਂ ਬਾਅਦ ਹੀ ਉਹ ਪ੍ਰੀਖਿਆ ਦੀ ਤਿਆਰੀ ਕਰ ਪਾਉਣਗੇ।
ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਸਬੰਧੀ ਜਲਦ ਤੋਂ ਜਲਦ ਸਿਲੇਬਸ ਜਾਰੀ ਕੀਤਾ ਜਾਵੇ ਤਾਂ ਜੋ ਉਮੀਦਵਾਰ ਨਿਰਵਿਘਨ ਹੋ ਕੇ ਪ੍ਰੀਖਿਆ ਦੀ ਤਿਆਰੀ ਕਰ ਸਕਣ।
ਜਲਦ ਜਾਰੀ ਹੋਵੇਗਾ ਸਿਲੇਬਸ : ਅਸਿਸਟੈਂਟ ਡਾਇਰੈਕਟਰ
ਸਿਲੇਬਸ ਜਾਰੀ ਕਰਨ ਵਿਚ ਹੋ ਰਹੀ ਦੇਰੀ ਸਬੰਧੀ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਅਸਿਸਟੈਂਟ ਡਾਇਰੈਕਟਰ ਹਰਵਿੰਦਰ ਕੌਰ ਨੇ ਦੱਸਿਆ ਕਿ ਸਿਲੇਬਸ ਜਲਦ ਹੀ ਜਾਰੀ ਕੀਤਾ ਜਾਵੇਗਾ ਤਾਂ ਜੋ ਉਮੀਦਵਾਰ ਬਿਨਾਂ ਕਿਸੇ ਪਰੇਸ਼ਾਨੀ ਦੇ ਨਿਰਵਿਘਨ ਪ੍ਰੀਖਿਆ ਦੀ ਤਿਆਰੀ ਕਰ ਸਕਣ।
News source- Punjabi Jagran