ਪੰਜਾਬ ਦਾ ਮੁੱਖ ਮੰਤਰੀ, ਪੰਜਾਬ ‘ਚੋਂ ਹੀ ਗ਼ੈਰ-ਹਾਜ਼ਰ; ਉੱਠਣ ਲੱਗੇ ਸਵਾਲ

342

 

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ਤੋਂ ਲੰਬੀ ਗ਼ੈਰ-ਹਾਜ਼ਰੀ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਉਠਾਉਂਦਿਆਂ ਉਨ੍ਹਾਂ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਲਈ ਪੰਜਾਬ ਦੇ ਕੀਮਤੀ ਸਰੋਤਾਂ ਨੂੰ ਬਰਬਾਦ ਨਾ ਕਰਨ ਦੀ ਅਪੀਲ ਕੀਤੀ ਹੈ। ਹੋਰਨਾਂ ਸੂਬਿਆਂ ‘ਚ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਲਈ ਮਾਨ ਦੀ ਸੂਬੇ ‘ਚੋਂ ਲੰਬੀ ਗ਼ੈਰ-ਹਾਜ਼ਰੀ ਦਾ ਹਵਾਲਾ ਦਿੰਦਿਆਂ ਵੜਿੰਗ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪੰਜਾਬੀਆਂ ਦੇ, ਪੰਜਾਬੀਆਂ ਵੱਲੋਂ ਬਣਾਏ ਗਏ ਅਤੇ ਪੰਜਾਬੀਆਂ ਲਈ ਮੁੱਖ ਮੰਤਰੀ ਹੋ, ਨਾ ਕਿ ਕਿਸੇ ਹੋਰ ਲਈ।

ਸੂਬਾ ਕਾਂਗਰਸ ਪ੍ਰਧਾਨ ਨੇ ਮਾਨ ਦੀ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਰਾਸ਼ਟਰਪਤੀ ਦੇ ਪ੍ਰੋਗਰਾਮ ਤੋਂ ਗ਼ੈਰ-ਹਾਜ਼ਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮੁੱਖ ਮੰਤਰੀ ਦਾ ਵਿਸ਼ੇਸ਼ ਅਧਿਕਾਰ ਹੈ ਕਿ ਉਹ ਤੈਅ ਕਰਨ ਕਿ ਕਿਸ ਪ੍ਰੋਗਰਾਮ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਸਿਧਾਂਤਕ ਤੌਰ ‘ਤੇ ਉਨ੍ਹਾਂ ਨੂੰ ਇੱਥੇ ਮੌਜੂਦ ਹੋਣਾ ਚਾਹੀਦਾ ਸੀ ਕਿਉਂਕਿ ਰਾਸ਼ਟਰਪਤੀ ਪਹਿਲੀ ਵਾਰ ਸੂਬੇ ‘ਚ ਆਏ ਸਨ।

ਵੜਿੰਗ ਨੇ ਦੋਸ਼ ਲਾਇਆ ਕਿ ਚੋਣ ਵਾਲੇ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ‘ਚ ਪੰਜਾਬ ਦੇ ਵਸੀਲਿਆਂ ਦੀ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੂਬਿਆਂ ‘ਚ ਇਸ਼ਤਿਹਾਰਾਂ ਲਈ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ, ਜਦਕਿ ਪੰਜਾਬੀਆਂ ਦੇ ਖਰਚੇ ‘ਤੇ ਵਿਧਾਇਕਾਂ ਅਤੇ ਹੋਰ ਲੋਕਾਂ ਦੇ ਜਹਾਜ਼ ਗੁਜਰਾਤ ਭੇਜੇ ਜਾ ਰਹੇ ਹਨ।

ਉਹ ਹੈਰਾਨ ਹਨ ਕਿ ਅਜਿਹੇ ਸੂਬੇ ‘ਚ ਵਿੱਤੀ ਅਤੇ ਮਨੁੱਖੀ ਵਸੀਲਿਆਂ ਦੀ ਬਰਬਾਦੀ ਕਿਸ ਮਕਸਦ ਲਈ ਕੀਤੀ ਜਾ ਰਹੀ ਹੈ, ਜਿੱਥੇ ਸਾਰੇ ਸਰਵੇਖਣ ਦੱਸਦੇ ਹਨ ਕਿ ‘ਆਪ’ ਨੂੰ ਗੁਜਰਾਤ ‘ਚ 182 ‘ਚੋਂ ਇਕ ਵੀ ਸੀਟ ਨਹੀਂ ਮਿਲੇਗੀ, ਭਾਵੇਂ ਕਿ ਇਹ ਭਵਿੱਖਬਾਣੀ ਵੀ ਕੀਤੀ ਗਈ ਹੈ ਕਿ ਉਸ ਨੂੰ ਹਿਮਾਚਲ ਪ੍ਰਦੇਸ਼ ‘ਚ ਇਕ ਵੀ ਸੀਟ ਨਹੀਂ ਮਿਲੇਗੀ ਪਰ ਸਾਨੂੰ ਚੋਣ ਨਤੀਜਿਆਂ ਦੀ ਬਜਾਏ ਪੰਜਾਬ ਅਤੇ ਪੰਜਾਬੀਆਂ ਦੀ ਚਿੰਤਾ ਹੈ, ਜਿਨ੍ਹਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਚੁਣਿਆ ਹੈ, ਨਾ ਕਿ ਅਰਵਿੰਦ ਕੇਜਰੀਵਾਲ ਦੀਆਂ ਸੇਵਾਵਾਂ ਅਤੇ ਪੰਜਾਬ ਦੇ ਹਿੱਤਾਂ ਦੀ ਕੀਮਤ ‘ਤੇ ਉਨ੍ਹਾਂ ਦੀਆਂ ਕੌਮੀ ਇੱਛਾਵਾਂ ਪੂਰੀਆਂ ਕਰਨ ਲਈ।

 

LEAVE A REPLY

Please enter your comment!
Please enter your name here