ਚੰਡੀਗੜ੍ਹ-
ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਮਾਮਲਾ ਉਨ੍ਹਾਂ ਨੂੰ ਜਰਮਨੀ ਦੇ ਇਕ ਜਹਾਜ਼ ਤੋਂ ਹੇਠਾਂ ਉਤਾਰਨ ਦਾ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਗੰਭੀਰ ਦੋਸ਼ ਲਾਏ ਹਨ।
ਇਸ ਸਾਰੇ ਮਾਮਲੇ ਤੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਦੋਸ਼ ਲਾਉਣ ਵਾਲੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਸੁਖਬੀਰ ਬਾਦਲ ਮਸਲੇ ਉਪਰ ਮੁਆਫ਼ੀ ਮੰਗਣ।
ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵਿਰੋਧੀ ਧਿਰਾਂ ਬੇਵਜ੍ਹਾ ਹੀ ਮੁੱਖ ਮੰਤਰੀ ਨੂੰ ਬਦਨਾਮ ਕਰਨ ਲਈ ਲੱਗੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕੋਈ ਉਕਤ ਦੋਵੇਂ ਆਗੂਆਂ ਨੂੰ ਜਦੋਂ ਮੁੱਖ ਮੰਤਰੀ ਵਿਰੁੱਧ ਕਾਰਨ ਮਿਲਦਾ ਹੈ ਤਾਂ ਇਹ ਉਤਸ਼ਾਹਤ ਹੋ ਜਾਂਦੇ ਹਨ ਕਿਉਂਕਿ ਇਹ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਨਿਵੇਸ਼ ਆਵੇ।
ਕੰਗ ਨੇ ਕਿਹਾ ਕਿ ਮੁੱਖ ਮੰਤਰੀ ਦੇ ਸ਼ਰਾਬ ਪੀਣ ਕਾਰਨ ਹਵਾਈ ਜਹਾਜ਼ ਵਿਚੋਂ ਉਤਾਰਨ ਦੇ ਮਾਮਲੇ *ਤੇ ਸੱਚ ਸਾਹਮਣੇ ਆ ਗਿਆ ਹੈ ਅਤੇ ਇਸ ਸਬੰਧੀ ਜਹਾਜ਼ ਕੰਪਨੀ Lufthansa ਨੇ ਵੀ ਆਪਣਾ ਅਧਿਕਾਰਤ ਬਿਆਨ ਜਾਰੀ ਕਰ ਦਿੱਤਾ ਹੈ।
ਇਸ ਵਿੱਚ ਕੰਪਨੀ ਨੇ ਸਾਫ ਤੌਰ ‘ਤੇ ਦੱਸਿਆ ਹੈ ਕਿ Frankfurt ਤੋਂ ਦਿੱਲੀ ਲਈ ਸਾਡੀ ਉਡਾਣ ਇੱਕ ਦੇਰੀ ਨਾਲ ਆਉਣ ਵਾਲੀ ਉਡਾਣ ਅਤੇ ਇੱਕ ਹਵਾਈ ਜਹਾਜ਼ ਵਿੱਚ ਤਬਦੀਲੀ ਕਾਰਨ ਮੂਲ ਰੂਪ ਵਿੱਚ ਯੋਜਨਾ ਤੋਂ ਬਾਅਦ ਰਵਾਨਗੀ ਕਰਦੀ ਹੈ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਹਾਜ਼ ਤੋਂ ਉਤਾਰਿਆ ਗਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਪਰ ਦੋਸ਼ ਲਾਉਣ ਲਈ ਸੁਖਬੀਰ ਬਾਦਲ ਅਤੇ ਪ੍ਰਤਾਪ ਬਾਜਵਾ ਲੋਕਾਂ ਤੋਂ ਮਾਫੀ ਮੰਗਣ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਕਿਹਾ ਕਿ ਉਹ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਸਨ, ਅੱਜ ਸਿਰਫ਼ ਰਸਮ ਪੂਰੀ ਕੀਤੀ ਹੈ।
ਦੱਸ ਦਈਏ ਕਿ, ਵਿਰੋਧੀ ਧਿਰਾਂ ਇਸ ਮਸਲੇ ਤੇ ਚੁਟਕੀਆਂ ਲੈਂਦੀਆਂ ਨਜ਼ਰੀਂ ਆ ਰਹੀਆਂ ਹਨ। ਕਾਂਗਰਸ ਤੇ ਅਕਾਲੀ ਦਲ ਦਾ ਦੋਸ਼ ਹੈ ਕਿ, ਵੱਧ ਸ਼ਰਾਬ ਪੀਤੀ ਹੋਣ ਕਾਰਨ ਭਗਵੰਤ ਮਾਨ ਨੂੰ ਜਰਮਨੀ ‘ਚ ਫਲਾਈਟ ਤੋਂ ਉਤਾਰਿਆ ਗਿਆ ਸੀ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਵੱਲੋਂ ਇਸ ਉਤੇ ਐਕਸ਼ਨ ਲਿਆ ਜਾਵੇਗਾ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਹੈ ਕਿ ਜੇਕਰ ਇਹ ਦੋਸ਼ ਸੱਚ ਹਨ ਤਾਂ ਕੇਜਰੀਵਾਲ ਭਗਵੰਤ ਮਾਨ ਖਿਲਾਫ ਐਕਸ਼ਨ ਲੈਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਖਬਰਾਂ ਪੰਜਾਬ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਹਨ। ਇਸ ਉਤੇ ਕਾਰਵਾਈ ਹੋਣੀ ਚਾਹੀਦੀ ਹੈ। ਕੀ ਕੇਜਰੀਵਾਲ ਅਜਿਹਾ ਕਰਨਗੇ। news-18