ਪੰਜਾਬ ਨੈੱਟਵਰਕ, ਚੰਡੀਗੜ੍ਹ-
ਜਾਦੂ ਟੂਣਾ ਕਰਨ ਵਾਲੇ ਪਾਖੰਡੀ ਕਾਲੇ ਜਾਦੂ ਨੂੰ ਬੜਾ ਹੀ ਮਹਾਨ ਮੰਨਦੇ ਨੇ। ਪਾਖਡੀਆਂ ਕੋਲੋਂ ਅਕਸਰ ਸੁਣਨ ਨੂੰ ਮਿਲਦਾ ਹੈ ਕਿ, ਕਾਲਾ ਜਾਦੂ ਜੀਹਦੇ ਤੇ ਇਕ ਵਾਰ ਹੋ ਜਾਂਦੈ, ਉਹ ਫਿਰ ਕੀਲਿਆ ਜਾਂਦਾ ਐ। ਸਿਆਸੀ ਪੰਡਤ ਦੱਸਦੇ ਨੇ ਕਿ, ਲੱਗਦੈ ਮਨਪ੍ਰੀਤ ਬਾਦਲ ਨੇ ਵਿਜੀਲੈਂਸ ਤੇ ਕਾਲਾ ਜਾਦੂ ਕਰ ਮਾਰਿਆ, ਤਾਂ ਹੀ ਉਹ 10-15 ਦਿਨਾਂ ਤੋਂ ਨਹੀਂ ਲੱਭ ਰਿਹਾ।
ਬਾਦਲ ਤੇ ਪਰਚਾ ਭ੍ਰਿਸ਼ਟਾਚਾਰ ਦਾ ਦਰਜ ਹੋਣ ਮਗਰੋਂ, ਉਹ ਇੰਝ ਗਾਇਬ ਹੋਇਆ ਜਿਵੇਂ ਕਿਸੇ ਨੇ ਜਾਦੂ ਨਾਲ ਹੀ ਉਹਨੂੰ ਕਿਸੇ ਪਾਸੇ ਲਕੋ ਕੇ ਰੱਖ ਦਿੱਤਾ ਹੁੰਦਾ ਹੈ। ਪਰਚਾ ਦਰਜ ਹੋਣ ਤੋਂ ਪਹਿਲਾਂ ਬਾਦਲ ਸੂਬੇ ਦੇ ਮੁੱਖ ਮੰਤਰੀ ਖਿਲਾਫ਼ ਵੀ ਬੋਲਦਾ ਰਿਹਾ, ਗ੍ਰਿਫਤਾਰੀ ਤੋਂ ਡਰਦੇ ਨੇ ਜ਼ਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ, ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਕਿ, ਉਹ ਪਰਚਾ ਪੈਣ ਤੋਂ ਪਹਿਲਾਂ ਹੀ ਰੂਹਪੋਸ਼ ਹੋ ਜਾਵੇਗਾ।
ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਘਿਰੇ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਵਲੋਂ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ, ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪਲਾਟ ਖਰੀਦ ਮਾਮਲੇ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਣੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਇਲਾਵਾ ਬੀਡੀਏ ਦੇ ਤਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ, ਪਲਾਂਟ ਦੀ ਬੋਲੀ ਦੇਣ ਵਾਲੇ ਰਾਜੀਵ ਕੁਮਾਰ, ਵਿਕਾਸ ਤੇ ਅਮਨਦੀਪ ਤੋਂ ਇਲਾਵਾ ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।