ਮੋਹਾਲੀ-
ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦੇਣ ਲਈਂ ਚੱਲ ਰਹੀ ਮਿਡ ਡੇਅ ਮੀਲ ਸਕੀਮ ਪਿਛਲੇ ਕਈ ਮਹੀਨਿਆਂ ਤੋਂ ਰਾਸ਼ੀ (ਕੁਕਿੰਗ ਕਾਸਟ) ਨਾ ਮਿਲਣ ਕਾਰਨ ਬੰਦ ਹੋਣ ਕਿਨਾਰੇ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਨੇ ਇਸ ਸਬੰਧੀ ਵਿਭਾਗੀ ਅਤੇ ਸਰਕਾਰੀ ਉਦਾਸੀਨ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ, ਸੂਬਾ ਆਗੂ ਗੁਰਪ੍ਰੀਤ ਸਿੰਘ ਹੀਰਾ ਅਤੇ ਸੀਨੀਅਰ ਮੀਤ ਪ੍ਰਧਾਨ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਤਿੰਨ ਮਹੀਨੇ ਤੋਂ ਮਿਡ ਡੇਅ ਮੀਲ ਦੀ ਉਕਤ ਰਾਸ਼ੀ ਸਕੂਲਾਂ ਵਿੱਚ ਨਹੀਂ ਆਈ, ਜਿਸ ਕਾਰਨ ਅਧਿਆਪਕ ਆਪਣੇ ਕੋਲੋਂ ਜਾਂ ਦੁਕਾਨਦਾਰਾਂ ਤੋਂ ਉਧਾਰ ਲੈ ਕੇ ਮਿਡ ਡੇਅ ਮੀਲ ਚਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਦੇਣਦਾਰੀ ਵਧਦੀ ਹੋਣ ਕਾਰਨ ਦੁਕਾਨਦਾਰ ਵੀ ਉਧਾਰ ਦੇਣ ਤੋਂ ਇਨਕਾਰੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਐਡਵਾਂਸ ਵਿੱਚ ਅਦਾਇਗੀ ਕਰੇ, ਤਾਂ ਜੋ ਕਿ ਅਧਿਆਪਕ ਵਰਗ ਨੂੰ ਇਸ ਸਕੀਮ ਨੂੰ ਚਲਾਉਣ ਲਈ ਕੋਈ ਦਿੱਕਤ ਨਾ ਆਵੇ ਪਰ ਉਲਟਾ ਸਰਕਾਰ ਮਹੀਨਿਆਂ ਬੱਧੀ ਅਦਾਇਗੀ ਲਟਕਾ ਕੇ ਅਧਿਆਪਕ ਵਰਗ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਹੀ ਹੈ।
ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਬਕਾਇਆ ਰਾਸ਼ੀ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਤਾਂ ਜੋ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਮਿਲਦਾ ਰਹੇ ਅਤੇ ਖਾਣਾਂ ਬਣਾਉਣ ਵਾਲੇ ਵਰਕਰਾਂ ਨੂੰ ਮਿਲਦੀ ਨਿਗੂਣੀ ਤਨਖਾਹ ਵੀ ਤੁਰੰਤ ਜਾਰੀ ਕੀਤੀ ਜਾਵੇ।