- ਪ੍ਰਸ਼ਾਸਨ ਨੇ ਪੰਜਾਬ ਸਰਕਾਰ ਤਰਫ਼ੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦਾ ਦਿੱਤਾ ਭਰੋਸਾ
- ਮ੍ਰਿਤਕਾਂ ਅਵਤਾਰ ਸਿੰਘ ਪੱਬਵਾਂ ਅਤੇ ਰਾਮ ਲੁਭਾਇਆ ਬੁੰਡਾਲਾ ਦਾ ਆਕਾਸ਼ ਗੂੰਜਵੇਂ ਨਾਅਰਿਆਂ ਨਾਲ ਸਸਕਾਰ
- ਮਾਮਲਾ: ਸੰਗਰੂਰ ਧਰਨੇ ਤੋਂ ਵਾਪਸ ਜਾਂਦੇ ਸਮੇਂ ਰੇਲ ਹਾਦਸੇ ‘ਚ ਦੋ ਮਜ਼ਦੂਰਾਂ ਦੀ ਮੌਤ ਦਾ
ਦਲਜੀਤ ਕੌਰ ਭਵਾਨੀਗੜ੍ਹ, ਚੰਡੀਗੜ੍ਹ/ਫਿਲੌਰ:
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਰੇਲ ਹਾਦਸੇ ਦਾ ਸ਼ਿਕਾਰ ਹੋਏ ਦੋ ਮਜ਼ਦੂਰ ਪਰਿਵਾਰਾਂ ਨੂੰ ਮੁਆਵਜ਼ਾਂ ਤੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਆਰੰਭੇ ਸੰਘਰਸ਼ ਦੇ ਛੇਵੇਂ ਦਿਨ ਸੜਕ ਜਾਮ ਤੋਂ ਕਰਨ ਤੋਂ ਪਹਿਲਾਂ ਹੀ ਭਗਵੰਤ ਮਾਨ ਸਰਕਾਰ ਨੂੰ ਝੁੱਕਦੇ ਹੋਏ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪੰਜ ਪੰਜ ਲੱਖ ਦੇ ਚੈੱਕ ਸੌਂਪਣੇ ਪਏ ਅਤੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਦਿੱਤਾ ਭਰੋਸਾ ਦੇਣਾ ਪਿਆ। ਜਿਸ ਉਪਰੰਤ ਸੰਘਰਸ਼ ਸਮਾਪਤ ਕਰ ਦਿੱਤਾ ਗਿਆ। ਇਨ੍ਹਾਂ ਛੇ ਦਿਨਾਂ ਦੌਰਾਨ ਵੀ ਇੱਕ ਦਿਨ ਜੀ.ਟੀ. ਰੋਡ ਨੂੰ ਜਾਮ ਕੀਤਾ ਗਿਆ ਸੀ ਅਤੇ ਅੱਜ ਫਿਰ ਜੀਟੀ ਰੋਡ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ।
ਲੰਘੇ ਕੱਲ੍ਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਫੇਲ੍ਹ ਹੋ ਗਈ। ਅੱਜ ਫਿਰ ਗੱਲਬਾਤ ਦਾ ਇੱਕ ਹੋਰ ਦੌਰ ਚੱਲਿਆ, ਜਿਸ ਦਾ ਵੀ ਨਤੀਜਾ ਨਹੀਂ ਨਿੱਕਲ ਸਕਿਆ। ਜਦੋਂ ਪੇਂਡੂ ਅਤੇ ਖੇਤ ਮਜ਼ਦੂਰ ਆਗੂਆਂ ਹੰਸ ਰਾਜ ਪੱਬਵਾਂ, ਜਰਨੈਲ ਫ਼ਿਲੌਰ, ਹਰਪਾਲ ਬਿੱਟੂ, ਚਰਨਜੀਤ ਥੰਮੂਵਾਲ ਦੀ ਅਗਵਾਈ ਹੇਠ ਕਾਰਕੁਨਾਂ ਦੇ ਕਾਫ਼ਲੇ ਅੰਮ੍ਰਿਤਸਰ-ਦਿੱਲੀ ਹਾਈਵੇ ਵੱਲ ਵੱਧੇ ਤਾਂ ਜਾਮ ਲੱਗੇ ਨੂੰ ਹਾਲੇ ਚਾਰ-ਪੰਜ ਮਿੰਟ ਹੀ ਹੋਏ ਸਨ ਤਾਂ ਆਗੂਆਂ ਨੂੰ ਅਧਿਕਾਰੀ ਵਲੋਂ ਆਏ ਇੱਕ ਫ਼ੋਨ ਕਾਲ ਨੇ ਜਾਮ ਖੁਲਵਾ ਦਿੱਤਾ। ਇਸ ਅਧਿਕਾਰੀ ਵਲੋਂ ਪੰਜ-ਪੰਜ ਲੱਖ ਰੁਪਏ ਪ੍ਰਤੀ ਪਰਿਵਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਸੜਕ ਕਿਨਾਰੇ ਲੱਗੀ ਸਟੇਜ ਦੌਰਾਨ ਏਡੀਸੀ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਅਤੇ ਐੱਸ.ਪੀ.(ਡੀ), ਡੀ.ਐੱਸ.ਪੀ.ਕਰਤਾਰਪੁਰ ਸੁਰਿੰਦਰਪਾਲ ਧੋਗੜੀ ਤੇ ਹੋਰ ਅਧਿਕਾਰੀਆਂ ਨੇ ਪੀੜ੍ਹਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਸੌਂਪ ਦਿੱਤੇ ਅਤੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਕੇਸ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ। ਜਿਸ ‘ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਉਪਰੰਤ ਕਾਫ਼ਲੇ ਦੇ ਰੂਪ ਵਿੱਚ ਸਨਮਾਨ ਜਨਕ ਢੰਗ ਨਾਲ ਸ਼ਹੀਦ ਸਾਥੀ ਅਵਤਾਰ ਸਿੰਘ ਪੱਬਵਾਂ ਅਤੇ ਰਾਮ ਲੁਭਾਇਆ ਬੁੰਡਾਲਾ ਦੇ ਸਰੀਰ ਉਹਨਾਂ ਦੇ ਪਿੰਡ ਲਿਜਾਏ ਗਏ ਅਤੇ ਆਕਾਸ਼ ਗੂੰਜਵੇਂ ਨਾਅਰਿਆਂ ਨਾਲ ਉਹਨਾਂ ਦੇ ਸਸਕਾਰ ਕੀਤੇ ਗਏ।
ਇਸ ਮੌਕੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ ਤੇ ਪਰਮਜੀਤ ਕੌਰ ਲੌਂਗੋਵਾਲ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ ਤੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਸੰਦੀਪ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਕਿਹਾ ਕਿ ਸੰਗਰੂਰ ਮੋਰਚੇ ਦੇ ਸ਼ਹੀਦ ਦੋਨੋਂ ਮ੍ਤਿਿਕ ਮਜ਼ਦੂਰ ਬੇਜ਼ਮੀਨੇ ਤੇ ਦਲਿਤ ਜਾਤੀ ਚੋਂ ਹੋਣ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਜਾਤੀ ਭੇਦ-ਭਾਵ ਕੀਤੇ ਜਾਣ ਕਾਰਨ ਇਸ ਮਸਲੇ ਨੂੰ ਏਨੇ ਦਿਨ ਹੱਲ ਨਹੀਂ ਕੀਤਾ ਗਿਆ।
ਮਸਲੇ ਦੇ ਹੱਲ ਲਈ ਮਜ਼ਦੂਰਾਂ ਨੂੰ ਸੜਕਾਂ ਉੱਪਰ ਆਉਣਾ ਪਿਆ। ਉਨ੍ਹਾ ਮਜ਼ਦੂਰਾਂ ਨੂੰ ਰਹਿੰਦੀਆਂ ਮਜ਼ਦੂਰ ਮੰਗਾਂ ਦੇ ਹੱਲ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾ ਦੋਨੋਂ ਸ਼ਹੀਦ ਅਵਤਾਰ ਸਿੰਘ ਪੱਬਵਾਂ ਅਤੇ ਰਾਮ ਲੁਭਾਇਆ ਪਿੰਡ ਬੁੰਡਾਲਾ ਨੂੰ ਮੋਰਚੇ ਵਲੋਂ ਯਾਦ ਰੱਖਣ ਦਾ ਵਚਨ ਵੀ ਦਿੱਤਾ।
ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਤਰਪ੍ਰੀਤ ਸਿੰਘ ਉੱਪਲ, ਜਮਹੂਰੀ ਕਿਸਾਨ ਸਭਾ ਦੇ ਸੰਤੋਖ ਸਿੰਘ ਬਿਲਗਾ ਤੇ ਜਸਵਿੰਦਰ ਸਿੰਘ ਢੇਸੀ, ਬੀਕੇਯੂ ਏਕਤਾ ਉਗਰਾਹਾਂ ਦੇ ਮੋਹਨ ਸਿੰਘ ਬੱਲ, ਕੁੱਲ ਹਿੰਦ ਕਿਸਾਨ ਸਭਾ ਦੇ ਤਰਲੋਕ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਕੁਲਵਿੰਦਰ ਸਿੰਘ ਜੋਸ਼ਨ ਅਤੇ ਟਰੱਕ ਯੂਨੀਅਨ ਦੇ ਚੇਅਰਮੈਨ ਚਮਕੌਰ ਸਿੰਘ ਨੇ ਸਾਂਝਾ ਮਜ਼ਦੂਰ ਮੋਰਚਾ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸੰਬੋਧਨ ਕੀਤਾ। ਇਸ ਮੌਕੇ ਟਰੱਕ ਯੂਨੀਅਨ ਅਤੇ ਲੰਗਰ ਕਾਰ ਸੇਵਾ ਵਾਲਿਆਂ ਨੇ ਲੰਗਰ ਪਾਣੀ ਦੀ ਸੇਵਾ ਵੀ ਕੀਤੀ।