ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਨਵ ਨਿਯੁਕਤ ਲੈਕਚਰਾਰ ਅਤੇ ਮਾਸਟਰ ਕੇਡਰ ਅਧਿਆਪਕਾਂ ਕੀਤੀ ਮੰਗ, ਸਾਨੂੰ ਵੀ ਦਿਓ ਬਦਲੀਆਂ ਦਾ ਮੌਕਾ

269

 

  • ਨਵ ਨਿਯੁਕਤ ਲੈਕਚਰਾਰ ਅਤੇ ਮਾਸਟਰ ਕੇਡਰ ਅਧਿਆਪਕਾਂ ਵੱਲੋਂ ਬਦਲੀਆਂ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਨਾਂ ਹੇਠ ਡੀ. ਸੀ. ਬਠਿੰਡਾ ਨੂੰ ਸੌਂਪਿਆ ਮੰਗ ਪੱਤਰ

ਪੰਜਾਬ ਨੈੱਟਵਰਕ, ਬਠਿੰਡਾ

ਨਵ ਨਿਯੁਕਤ ਅਧਿਆਪਕ ਫਰੰਟ ਪੰਜਾਬ, 569 ਨਵ ਨਿਯੁਕਤ ਲੈਕਚਰਾਰ ਯੂਨੀਅਨ, ਸਮੂਹ 3704 ਅਤੇ 2392 ਅਧਿਆਪਕਾਂ ਵੱਲੋਂ ਸਾਂਝੇ ਰੂਪ ਵਿੱਚ ਬਦਲੀਆ ਦੀ ਮੰਗ ਨੂੰ ਲੈ ਕੇ ਮੈਡਮ ਰਾਜ ਰਾਣੀ ਦੀ ਅਗਵਾਈ ਵਿੱਚ ਲੈਕਚਰਾਰ ਅਤੇ ਮਾਸਟਰ ਕੇਡਰ ਅਧਿਆਪਕ ਦੀਆਂ ਬਦਲੀਆਂ ਸਬੰਧੀ ਸਿੱਖਿਆ ਮੰਤਰੀ ਦੇ ਨਾਂ ਹੇਠ ਡੀ.ਸੀ ਬਠਿੰਡਾ ਸ਼ੌਕਤ ਅਹਿਮਦ ਨੂੰ ਮੰਗ ਪੱਤਰ ਦਿੱਤਾ ਗਿਆ।

ਲੈਕਚਰਾਰ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਨਵ ਨਿਯੁਕਤ ਮਾਸਟਰ ਕੇਡਰ (3704, 2392) ਦੇ ਅਧਿਆਪਕਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਹੈ, ਉਸੇ ਤਰ੍ਹਾਂ ਹੀ ਮੌਜੂਦਾ ਸਮੇਂ ਵਿੱਚ ਹੋ ਰਹੀਆਂ ਆਨਲਾਈਨ ਬਦਲੀਆਂ ਵਿਚ ਨਵ ਨਿਯੁਕਤ ਲੈਕਚਰਾਰ ਨੂੰ ਵੀ ਮੌਕਾ ਦਿੱਤਾ ਜਾਵੇ।

ਇਸ ਤੋਂ ਇਲਾਵਾ ਮੈਡਮ ਰਾਜਵਿੰਦਰ ਕੌਰ ਜੀ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਰਕਾਰ ਦੁਆਰਾ 2392 ਅਤੇ 3704 ਅਧਿਆਪਕਾਂ ਨੂੰ ਬਦਲੀ ਦਾ ਸਪੈਸ਼ਲ ਮੌਕਾ ਤਾਂ ਦਿੱਤਾ ਗਿਆ, ਪਰੰਤੂ ਉਸ ਵਿੱਚ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਫਰੀਦਕੋਟ, ਫਾਜ਼ਿਲਕਾ ਆਦਿ ਜਿਲ੍ਹਿਆਂ ਦੇ ਨਾ ਮਾਤਰ ਸਟੇਸ਼ਨ ਖੋਲ੍ਹੇ ਗਏ, ਜਿਸ ਕਾਰਨ ਬਹੁਤ ਸਾਰੇ ਅਧਿਆਪਕ ਆਪਣੀ ਬਦਲੀ ਕਰਵਾਉਣ ਤੋਂ ਵੰਚਿਤ ਰਹਿ ਗਏ ਹਨ|

ਉਪਰੋਕਤ ਤੱਥ ਦੇ ਸੰਬੰਧ ਵਿੱਚ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ 2392 ਅਤੇ 3704 ਦੇ ਕੇਵਲ ਉਹਨ੍ਹਾਂ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ ਜਿਨ੍ਹਾਂ ਦੀ ਬਦਲੀ ਇੱਕ ਵਾਰ ਵੀ ਨਹੀਂ ਹੋ ਸਕੀ ਅਤੇ ਉਹਨ੍ਹਾਂ ਲਈ 300 ਵਿਦਿਆਰਥੀਆਂ ਵਾਲੀ ਗੈਰ-ਵਾਜ਼ਿਬ ਸ਼ਰਤ ਹਟਾ ਕੇ ਕੁੱਲ ਖ਼ਾਲੀ ਆਸਾਮੀਆਂ ਚਾਹੇ, ਉਹ ਮਿਡਲ ਸਕੂਲ, ਹਾਈ ਸਕੂਲ ਜਾਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਹੋਣ, ਉਹਨਾਂ ਨੂੰ ਖੋਲ੍ਹ ਦਿੱਤਾ ਜਾਵੇ ਤਾਂ ਜੋ 150-200 ਕਿਲੋਮੀਟਰ ਦੂਰ ਬਾਰਡਰ ਏਰੀਆ ਵਿੱਚ ਕੰਮ ਕਰਦੇ ਅਧਿਆਪਕ ਅਤੇ ਲੈਕਚਰਾਰ ਆਪਣੇ ਪਿੱਤਰੀ ਜਿਲ੍ਹਿਆਂ ਵਿੱਚ ਆਪਣੇ ਘਰਾਂ ਦੇ ਨੇੜੇ ਬਦਲੀ ਕਰਵਾ ਸਕਣ|

ਇਸ ਮੌਕੇ ਮੈਡਮ ਰਵਿੰਦਰ ਕੌਰ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਕੌਰ ਤੇ ਕਮਲਜੀਤ ਕੌਰ ਤੋਂ ਇਲਾਵਾ ਡੈਮੋਕਰੇਟਿਕ ਟੀਚਰਜ਼ ਫਰੰਟ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਪਾਲ ਬੰਗੀ ਵੀ ਹਾਜ਼ਰ ਰਹੇ।

 

 

LEAVE A REPLY

Please enter your comment!
Please enter your name here