ਫਿਰ ਝੁਕੀ ਭਗਵੰਤ ਮਾਨ ਸਰਕਾਰ, NPS ਮੁਲਾਜ਼ਮਾਂ ਦੇ ਸੰਘਰਸ਼ ਅੱਗੇ…ਮੰਨੀਆਂ ਮੰਗਾਂ

556

 

  • ਪੰਜਾਬ ਦੇ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋੰ ਬੁਲੰਦ ਕੀਤੀ ਜਾ ਰਹੀ ਸੰਘਰਸ਼ੀ ਅਵਾਜ਼ ਦੀ ਹੋਇਆ ਅਹਿਮ ਅਸਰ
  • ~ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਬਿਆਨ
  • ~ਮੁੱਖ ਮੰਤਰੀ ਦਾ ਟਵੀਟਰ ਬਿਆਨ ਸਵਾਗਤਯੋਗ,ਪਰ ਇਹ ਬਿਆਨ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਵਿੱਚ ਕੇਵਲ ਸਿਆਸੀ ਲਾਹਾ ਲੈਣ ਦਾ ਜੁਮਲਾ ਸਾਬਤ ਨਾ ਹੋਵੇ: ਅਤਿੰਦਰਪਾਲ ਘੱਗਾ
  • ਪੁਰਾਣੀ ਪੈਨਸ਼ਨ ਸਕੀਮ ਨੂੰ ਸਮਾਂਬੱਧ ਢੰਗ ਨਾਲ਼ ਲਾਗੂ ਕਰੇ ਪੰਜਾਬ ਸਰਕਾਰ : ਪੀ.ਪੀ.ਪੀ.ਐੱਫ਼

ਦਲਜੀਤ ਕੌਰ ਭਵਾਨੀਗੜ੍ਹ, ਚੰਡੀਗੜ੍ਹ:

ਮੁੱਖ ਮੰਤਰੀ ਭਗਵੰਤ ਮਾਨ ਵੱਲੋੰ ਟਵੀਟਰ ਉੱਤੇ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਸਰਕਾਰ ਵੱਲੋਂ ਵਿਚਾਰਨ ਸਬੰਧੀ ਜਾਰੀ ਕੀਤੇ ਬਿਆਨ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਐੱਨ.ਪੀ.ਐੱਸ ਮੁਲਾਜ਼ਮਾਂ ਵੱਲੋੰ ਲੜੇ ਜਾ ਰਹੇ ਸੰਘਰਸ਼ ਦਾ ਨਤੀਜਾ ਐਲਾਨਿਆ ਹੈ ,ਜਿਸ ਸਦਕਾ ਛੇ ਮਹੀਨਿਆਂ ਦੀ ਵੱਟੀ ਚੁੱਪ ਨੂੰ ਤੋੜਕੇ ਆਪ ਸਰਕਾਰ ਨੇ ਪੁਰਾਣੀ ਪੈਨਸ਼ਨ ਸਬੰਧੀ ਪਹਿਲਾ ਜਨਤਕ ਬਿਆਨ ਜਾਰੀ ਕੀਤਾ ਹੈ।

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋੰ ਆਪ ਸਰਕਾਰ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਨਿਸ਼ਚਿਤ ਸਮਾਂ ਸੀਮਾ ਅੰਦਰ ਲਾਗੂ ਕਰਨਾ ਯਕੀਨੀ ਬਣਾਉਣ ਅਤੇ ਪੰਜਾਬ ਦੇ ਦੋ ਲੱਖ ਮੁਲਾਜ਼ਮਾਂ ਅਤੇ ਪੰਜਾਬ ਸਰਕਾਰ ਦੀ 15000 ਕਰੋੜ ਤੋਂ ਵੱਧ ਦੀ ਸਾਂਝੀ ਸੰਪਤੀ ਨੂੰ ਕੇਂਦਰੀ ਅਦਾਰੇ ਪੀ.ਐੱਫ.ਆਰ.ਡੀ.ਏ (PFRDA) ਤੋਂ ਪ੍ਰਾਪਤ ਕਰਨ ਲਈ ਸੂਬੇ ਦੇ ਅਧਿਕਾਰਾਂ ਅਤੇ ਮੁਲਾਜ਼ਮਾਂ ਦੇ ਹੱਕ ਵਿੱਚ ਡੱਟਵਾਂ ਅਤੇ ਸਪੱਸ਼ਟ ਪੱਖ ਲੈਣ ਦੀ ਮੰਗ ਕੀਤੀ ਗਈ।

ਜ਼ਿਕਰਯੋਗ ਹੈ ਕਿ ਆਪ ਪਾਰਟੀ ਦੇ ਆਗੂਆਂ ਵੱਲੋੰ ਵਿਧਾਨ ਸਭਾ ਚੋਣਾਂ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਦੇ ਹੱਕ ਵਿੱਚ ਵੱਡੇ ਜਨਤਕ ਐਲਾਨ ਕੀਤੇ ਗਏ ਸਨ। ਪਰ ਸੱਤਾ ਵਿੱਚ ਆਉਣ ਦੇ ਛੇ ਮਹੀਨਿਆਂ ਦੇ ਬਾਵਜੂਦ ਆਪ ਸਰਕਾਰ ਵੱਲੋਂ ਆਪਣੇ ਚੋਣ ਵਾਅਦਿਆਂ ਨੂੰ ਲਾਗੂ ਕਰਨ ਬਾਰੇ ਧਾਰੀ ਚੁੱਪ ਕਾਰਨ ਐੱਨ.ਪੀ.ਐੱਸ ਮੁਲਾਜ਼ਮਾਂ ਅੰਦਰ ਰੋਹ ਦੀ ਭਾਵਨਾ ਉੱਠ ਰਹੀ ਸੀ ਜਿਸ ਦਾ ਪ੍ਰਗਟਾਵਾ ‘ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ’ ਦੀ ਸੰਗਰੂਰ ਰੈਲੀ ਵਿੱਚ, ਮੁਲਾਜ਼ਮਾਂ ਵੱਲੋੰ ਪੁਰਾਣੀ ਪੈਨਸ਼ਨ ਦੀ ਮੁੱਖ ਮੰਗ ਨੂੰ ਲੈ ਕੇ ਕੀਤੀ ਵੱਡੀ ਸ਼ਮੂਲੀਅਤ ਰਾਹੀੰ ਕੀਤਾ ਗਿਆ ਸੀ।

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਘੱਗਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਪੁਰਾਣੀ ਪੈਨਸ਼ਨ ਸਬੰਧੀ ਜਾਰੀ ਕੀਤਾ ਬਿਆਨ ਸਵਾਗਤਯੋਗ ਹੈ ਪਰ ਇਸ ਟਵਿੱਟਰ ਬਿਆਨ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਮੁਲਾਜ਼ਮਾਂ ਨੂੰ ਆਪਣੀ ਲਹਿਰ ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ।

ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਸਿਆਸੀ ਪਾਰਟੀਆਂ ਵੱਲੋੰ ਕੀਤੇ ਜਾ ਰਹੇ ਲੋਕ ਲੁਭਾਊ ਐਲਾਨਾਂ, ਵਾਅਦਿਆਂ ਦੇ ਦੌਰ ਵਿੱਚ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਇੱਕਮੁੱਠ ਸੰਘਰਸ਼ੀ ਲਹਿਰ ਦੀ ਉਸਾਰੀ ਹੀ ਹੱਕੀ ਮੰਗਾਂ ਦੀ ਪ੍ਰਾਪਤੀ ਦਾ ਹਕੀਕੀ ਰਾਹ ਹੈ।

ਇਸ ਮੌਕੇ ਜ਼ੋਨਲ ਕਨਵੀਨਰ ਗੁਰਬਿੰਦਰ ਖਹਿਰਾ, ਜਸਵੀਰ ਸਿੰਘ ਭੰਮਾ, ਵਿੱਤ ਸਕੱਤਰ ਜਸਵਿੰਦਰ ਔਜਲਾ ਸਮੇਤ ਸੂਬਾ ਸਲਾਹਕਾਰ ਵਿਕਰਮ ਦੇਵ ਸਿੰਘ ਅਤੇ ਜਰਮਨਜੀਤ ਸਿੰਘ ਤੋਂ ਇਲਾਵਾ ਰਘਵੀਰ ਭਵਾਨੀਗਡ਼੍ਹ, ਸੁਖਵਿੰਦਰ ਗਿਰ, ਦਲਜੀਤ ਸਫ਼ੀਪੁਰ, ਰਮਨ ਸਿੰਗਲਾ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here