ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਪੋਰਟਲ ਬੰਦ, DTF ਨੇ ਰੱਖੀ ਇਹ ਮੰਗ

388

 

  • ‘ਆਪ’ ਸਰਕਾਰ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਨਾ ਦੇਣ ‘ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ

ਦਲਜੀਤ ਕੌਰ ਭਵਾਨੀਗੜ੍ਹ, ਚੰਡੀਗੜ੍ਹ

ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਹਜਾਰਾਂ ਅਧਿਆਪਕਾਂ ਦੀਆਂ ਬਦਲੀਆਂ ਪ੍ਰਤੀ ਅਪਣਾਏ ਅਤਿ ਦਰਜੇ ਦੇ ਢਿੱਲੇ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਬਿਨਾਂ ਦੇਰੀ ਕੀਤਿਆਂ ਅਧਿਆਪਕਾਂ ਦੀਆਂ ਬਦਲੀਆਂ ਦਾ ਆਨਲਾਈਨ ਪੋਰਟਲ ਖੋਲ੍ਹਣ ਦੀ ਮੰਗ ਕੀਤੀ ਹੈ।

ਅਜਿਹਾ ਨਾ ਹੋਣ ਦੀ ਸੂਰਤ ਵਿਚ ਜਥੇਬੰਦੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਹੈ। ਡੀਟੀਐੱਫ ਦੇ ਸੂਬਾਈ ਆਗੂਆਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਫੁਲੇਵਾਲਾ, ਰਘਵੀਰ ਭਵਾਨੀਗਡ਼੍ਹ, ਜਸਵਿੰਦਰ ਔਜਲਾ ਨੇ ਕਿਹਾ ਕਿ ਮਈ ਮਹੀਨੇ ਦੇ ਅੰਤ ਵਿੱਚ ਅਧਿਆਪਕਾਂ ਤੋਂ ਬਦਲੀਆਂ ਦੀਆਂ ਬੇਨਤੀਆਂ ਲੈਣ ਉਪਰੰਤ ਸਿੱਖਿਆ ਵਿਭਾਗ ਕਈ ਮਹੀਨਿਆਂ ਤੋਂ ਗਹਿਰੀ ਨੀਂਦ ਸੁੱਤਾ ਹੋਇਆ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਬਦਲੀਆਂ ਦੀ ਪ੍ਰਕਿਰਿਆ ਕੁੱਝ ਦਿਨਾਂ ਵਿੱਚ ਹੀ ਪੂਰੀ ਹੋ ਸਕਦੀ ਹੈ। ਪ੍ਰੰਤੂ ਪੰਜਾਬ ਸਰਕਾਰ ਅਤੇ ਇਸ ਦੇ ਸੈਕੰਡਰੀ ਸਿੱਖਿਆ ਵਿਭਾਗ ਦੀ ਘੋਰ ਨਾਕਾਮੀ ਕਾਰਨ ਇਹ ਪ੍ਰਕਿਰਿਆ ਸਤੰਬਰ ਮਹੀਨਾ ਬੀਤਣ ਦੇ ਬਾਵਜੂਦ ਵੀ ਮੁਕੰਮਲ ਨਹੀਂ ਹੋ ਸਕੀ ਹੈ।

ਡੀਟੀਐੱਫ ਆਗੂਆਂ ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸਨ, ਪਵਨ ਕੁਮਾਰ, ਰੁਪਿੰਦਰ ਪਾਲ ਗਿੱਲ, ਨਛੱਤਰ ਸਿੰਘ ਤਰਨਤਾਰਨ, ਤਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਆਦਿ ਨੇ ਕਿਹਾ ਕਿ ਬਦਲੀ ਨੀਤੀ ਤਹਿਤ ਪਹਿਲਾਂ ਹੋ ਚੁੱਕੀਆਂ ਜਿਹੜੀਆਂ ਬਦਲੀਆਂ ਨੂੰ ਪਿਛਲੇ ਸਮੇਂ ਵਿੱਚ ਅਧੂਰੇ ਢੰਗ ਨਾਲ ਲਾਗੂ ਕੀਤਾ ਗਿਆ ਸੀ, ਉਹਨਾਂ ਬਦਲੀਆਂ ‘ਤੇ ਲਗਾਈਆਂ ਸਾਰੀਆਂ ਸ਼ਰਤਾਂ ਹਟਾ ਕੇ ਅਧਿਆਪਕਾਂ ਨੂੰ ਬਦਲੀ ਵਾਲੇ ਸਟੇਸ਼ਨ ‘ਤੇ ਅਸਲ ਰੂਪ ਵਿੱਚ ਹਾਜ਼ਰ ਕਰਵਾਇਆ ਜਾਵੇ।

ਪ੍ਰਾਇਮਰੀ ਅਤੇ ਸੈਕੰਡਰੀ ਦੋਵੇਂ ਵਿਭਾਗਾਂ ਦੀਆਂ ਬਦਲੀਆਂ ਦੇ ਘੱਟੋ-ਘੱਟ ਤਿੰਨ ਤਿੰਨ ਰਾਊਂਡ ਜ਼ਰੂਰ ਲਗਾਏ ਜਾਣ ਤਾਂ ਜੋ ਲੰਬੇ ਸਮੇਂ ਤੋਂ ਬਦਲੀਆਂ ਉਡੀਕ ਰਹੇ ਅਧਿਆਪਕਾਂ ਨੂੰ ਬਦਲੀ ਦਾ ਪੂਰਾ ਮੌਕਾ ਮਿਲ ਸਕੇ। ਆਪਸੀ ਬਦਲੀਆਂ ਲਈ ਕਿਸੇ ਕਿਸਮ ਦੀ ਸ਼ਰਤ ਨਾ ਰੱਖਦਿਆਂ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇ।

 

LEAVE A REPLY

Please enter your comment!
Please enter your name here