ਚੰਡੀਗੜ੍ਹ :
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋ ਛੇ ਮਹੀਨੇ ਪਹਿਲਾਂ ਆਪ ਦੇ ਕਈ ਵਿਧਾਇਕ ਹਰ ਹਾਲਤ ਵਿਚ ਭਾਜਪਾ ’ਚ ਸ਼ਾਮਲ ਹੋਣਗੇ।
ਬਾਜਵਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਨੂੰ ਆਪਣੇ ਵਿਧਾਇਕ ਬਚਾ ਕੇ ਰੱਖਣ ਦੀ ਸਲਾਹ ਦਿੱਤੀ ਸੀ, ਅਜੇ ਭਾਜਪਾ ਦੇ ਜਹਾਜ਼ ਲੈਂਡ ਨਹੀਂ ਕੀਤਾ, ਜਦੋਂ ਜਹਾਜ਼ ਕਿਨਾਰੇ ’ਤੇ ਲੱਗ ਗਿਆ ਤਾਂ ਛਾਲਾਂ ਮਾਰ ਕੇ ਆਪ ਵਿਧਾਇਕ ਭੱਜਣਗੇ।
ਕਾਂਗਰਸ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਹੋਰਨਾਂ ਆਗੂਆਂ ਨੂੰ ਭਾਜਪਾ ਆਗੂਆਂ ਦੇ ਨਾਮ ਜਨਤਕ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਪ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਡਰਾਮਾ ਰਚਿਆ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਟਵਿੱਟਰ ਹੈਂਡਲ ਦਿੱਲੀ ਟੀਮ ਵਲੋਂ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਇਸ਼ਤਿਹਾਰਾਂ ’ਚ ‘ਕੰਮ’ ਨੂੰ ’ਕਾਮ’ ਲਿਖਿਆ ਗਿਆ ਹੈ।
ਸਰਕਾਰ ਦੀਆਂ ਪ੍ਰਾਪਤੀਆਂ ਦੀ ਫੂਕ ਕੱਢਦੇ ਹੋਏ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਦਿੱਤਾ ਹੈਲਪਲਾਈਨ ਨੰਬਰ ਬੰਦ ਹੋ ਗਿਆ ਹੈ।
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਡੀਓ ਜਨਤਕ ਹੋ ਚੁੱਕੀ ਹੈ, ਪਰ ਸਰਕਾਰ ਦੱਸੇ ਕਿ ਕਦੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਨੂੰ ਸਾਬਕਾ ਮੰਤਰੀ ਵਿਜੈ ਸਿੰਗਲਾਂ ਦੀ ਆਡਿਓ ਵੀ ਜਨਤਕ ਕਰਨ ਦੀ ਮੰਗ ਕੀਤੀ।
ਉਨ੍ਹਾਂ ‘ਆਪ’ ਦੇ ਗਿਆਰਾਂ ਵਿਧਾਇਕਾਂ ’ਤੇ ਟਰੱਕ ਯੂਨੀਅਨਾਂ ’ਤੇ ਕਬਜ਼ੇ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਦੱਸੇ ਕਿ ਕਿੰਨੇ ਗੈਂਗਸਟਰ ਫੜੇ ਹਨ। ਜੋ ਗੈਂਗਸਟਰ ਫੜ੍ਹੇ ਹਨ ਉਹ ਕੌਮੀ ਜਾਂਚ ਏਜੰਸੀ ਦੇ ਇਨਪੁੱਟ ਦੇ ਅਧਾਰ ’ਤੇ ਫੜ੍ਹੇ ਗਏ ਹਨ। ਮੁਹੱਲਾ ਕਲੀਨਿਕਾਂ ’ਚ ਡਾਕਟਰ ਨਹੀਂ ਤੇ ਲੋਕ ਹਸਪਤਾਲਾਂ ’ਚ ਦਵਾਈਆਂ ਨੂੰ ਤਰਸ ਰਹੇ ਹਨ।
ਬਾਜਵਾ ਨੇ ਕਿਹਾ ਕਿ ਕਿਸੇ ਨੇ ਆਟੇ ਦੀ ਮੰਗ ਨਹੀਂ ਕੀਤੀ ਸੀ ਪਰ ਬਿਨਾਂ ਪੁੱਛੇ ਕਣਕ ਦੀ ਬਜਾਏ ਆਟਾ ਦੇਣ ਦਾ ਫੈਸਲਾ ਕਰ ਲਿਆ। ਸਰਕਾਰ ਦੇ ਇਸ ਫੈਸਲੇ ਨਾਲ ਡਿਪੂ ਹੋਲਡਰ ਵਿਹਲੇ ਕਰ ਦਿੱਤੇ ਅਤੇ ਆਟਾ ਪੀਹਣ ਲਈ 500 ਕਰੋੜ ਰੁਪਏ ਦਾ ਖਰਚ ਆਵੇਗਾ ਜਦਕਿ ਪੰਜਾਬ ਕੋਲ੍ਹ ਤਨਖਾਹਾਂ ਦੇਣ ਲਈ ਪੈਸਾ ਨਹੀਂ ਹੈ। ਇਸ ਮੌਕੇ ’ਤੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੀ ਹਾਜ਼ਰ ਸਨ।