ਮੋਹਾਲੀ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਅਗਵਾਈ ਵਿੱਚ ਡੀ ਪੀ ਆਈ (ਸੈ ਸਿੱ) ਅਤੇ ਡੀ ਪੀ ਆਈ (ਐ ਸਿੱ) ਨਾਲ ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨਾਲ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਅਧਿਆਪਕ ਮਸਲਿਆਂ ਦੇ ਹੱਲ ਲਈ ਬਣੀ ਸਹਿਮਤੀ ਦੇ ਫਾਲੋਅੱਪ ਲਈ ਮੀਟਿੰਗਾਂ ਕੀਤੀਆਂ ਗਈਆਂ।
ਏ ਡੀ ਪੀ ਆਈ (ਸੈ ਸਿੱ) ਸ੍ਰੀਮਤੀ ਜਸਕੀਰਤ ਕੌਰ ਨਾਲ ਹੋਈ ਮੀਟਿੰਗ ਵਿੱਚ ਵਿਕਟਮਾਈਜੇਸ਼ਨਾਂ ਹੱਲ ਕਰਨ ਵਿੱਚ ਹੋ ਰਹੀ ਦੇਰੀ ਸਬੰਧੀ ਉਨ੍ਹਾਂ ਕਿਹਾ ਕਿ ਨਿਜੀ ਸੁਣਵਾਈ ਲਈ ਸਿਰਫ਼ 9 ਸਾਥੀ ਜੋ ਰਹਿ ਗਏ ਹਨ, ਨੂੰ ਆਉਂਦੇ ਸ਼ੁਕਰਵਾਰ ਨੂੰ ਨਿੱਜੀ ਸੁਣਵਾਈ ਲਈ ਬੁਲਾ ਕੇ ਬਹੁਤ ਜਲਦੀ ਨਿਪਟਾਰੇ ਦਾ ਭਰੋਸਾ ਦਿੱਤਾ।
ਪਿਛਲੇ ਸਮੇਂ ਕੀਤੀਆਂ ਅਧਿਆਪਕ ਵਿਰੋਧੀ ਸੋਧਾਂ ਰੱਦ ਕਰਨ ਅਤੇ ਵਿਭਾਗੀ ਟੈਸਟ ਦਾ ਪੱਤਰ ਵਾਪਸ ਲੈਣ ਦੀ ਮੰਗ ਕੀਤੀ ਗਈ। ਅਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਪੋਸਟਾਂ ਦੀ ਸਿਰਜਣਾ ਕਰਨ, ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਦੀ ਮੰਗ ਕੀਤੀ। ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗ ‘ਤੇ ਫੈਸਲਾ ਸਰਕਾਰ ਪੱਧਰ ਤੇ ਹੋਣ ਦੀ ਗੱਲ ਕਹੀ। ਸਿੱਖਿਆ ਵਿਭਾਗ ਵਿੱਚ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟ ਬੰਦ ਕਰਕੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਉਣ ਦਾ ਸੁਝਾਅ ਦਿੱਤਾ। ਐਸ ਐਲ ਏ ਦਾ ਨਾਂ ਤਬਦੀਲ ਕਰਨ ਅਤੇ ਨਾਨ ਟੀਚਿੰਗ ਦੀ ਟੀਚਿੰਗ ਵਿੱਚ ਪ੍ਰਮੋਸ਼ਨ ਤੇ ਟੈੱਟ ਦੀ ਸ਼ਰਤ ਰੱਦ ਕਰਨ ਦੀ ਮੰਗ ਕੀਤੀ ਗਈ।
ਏ ਡੀ ਪੀ ਆਈ (ਐ ਸਿੱ) ਨਾਲ ਹੋਈ ਮੀਟਿੰਗ ਵਿੱਚ ਹਰ ਵਰਗ ਦੀਆਂ ਪਦਉਨਤੀਆਂ ਸਾਲ ਵਿੱਚ ਘੱਟੋ-ਘੱਟ ਦੋ ਵਾਰ ਕਰਨ ਅਤੇ ਕੁਝ ਜ਼ਿਲ੍ਹਿਆਂ ਵਿੱਚ ਰਹਿੰਦੀਆਂ ਐਚ ਟੀ / ਸੀ ਐਚ ਟੀ ਦੀਆਂ ਪਦਉਨਤੀਆਂ ਤੁਰੰਤ ਕਰਨ ਲਈ ਪ੍ਰਵਾਨਗੀ ਦੇਣ ਦੀ ਮੰਗ ‘ਤੇ ਈ ਟੀ ਟੀ ਤੋਂ ਮਾਸਟਰ ਕਾਡਰ ਵਿੱਚ 3500 ਅਧਿਆਪਕਾਂ ਦੀ ਪਦਉਨਤੀ ਜਲਦ ਕਰਨ ਦਾ ਭਰੋਸਾ ਦਿੱਤਾ। ਪ੍ਰਾਇਮਰੀ ਅਧਿਆਪਕਾਂ ਦੀ ਤਨਖਾਹ ਦਾ ਬਜਟ ਸਮੇਂ ਸਿਰ ਜਾਰੀ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ਼ ਰੱਖੀ ਗਈ। ਸਿੱਖਿਆ ਵਿਭਾਗ ਵਿੱਚ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟ ਬੰਦ ਕਰਕੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਉਣ ਦਾ ਸੁਝਾਅ ਦਿੱਤਾ। ਪ੍ਰਾਇਮਰੀ ਵਿੱਚ ਜਮਾਤਵਾਰ ਪੋਸਟਾਂ ਦੀ ਸਿਰਜਣਾ ਕਰਨ, ਐਚ ਟੀ ਦੀਆਂ ਖਤਮ ਕੀਤੀਆਂ 1904 ਪੋਸਟਾਂ ਬਹਾਲ ਕਰਨ ਦੀ ਮੰਗ ਕੀਤੀ।
ਉਪਰੋਕਤ ਮਸਲਿਆਂ ਸਮੇਤ ਸਾਂਝੇ ਅਧਿਆਪਕ ਮੋਰਚੇ ਦੇ ਏਜੰਡੇ ‘ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਅਧਿਆਪਕਾਂ ਤੇ ਵਿਭਾਗੀ ਟੈਸਟ ਥੋਪਣ ਦਾ ਪੱਤਰ ਵਾਪਸ ਲੈਣ ਸਮੇਤ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ, ਵਿਕਟੇਮਾਈਜੇਸ਼ਨਾਂ ਰੱਦ ਕਰਨ, ਬਦਲੀਆਂ ਲਾਗੂ ਕਰਨ, ਹਰ ਵਰਗ ਦੀਆਂ ਪਦਉਨਤੀਆਂ ਕਰਨ, ਨਾਨ ਟੀਚਿੰਗ ‘ਤੇ ਟੈੱਟ ਦੀ ਸ਼ਰਤ ਰੱਦ ਕਰਵਾਉਣ, ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਉੱਤੇ ਵੱਖ ਵੱਖ ਤਰ੍ਹਾਂ ਦੀਆਂ ਥੋਪੀਆਂ ਜਾ ਰਹੀਆਂ ਫ਼ੀਸਾਂ ਰੱਦ ਕਰਵਾਉਣ, ਸਰਟੀਫਿਕੇਟਾਂ ਦੀ ਹਾਰਡ ਕਾਪੀ ਜਾਰੀ ਕਰਵਾਉਣ ਸਮੇਤ ਸਮੁੱਚੀਆਂ ਮੰਗਾਂ ਦੀ ਅਣਦੇਖੀ ਕਰਨ ‘ਤੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਕੂਲ ਪੱਧਰ ਉੱਪਰ ਕਾਲ਼ੇ ਬਿੱਲੇ ਲਗਾ ਕੇ, ਲਾਰਿਆਂ ਦੀ ਪੰਡ ਫੂਕਣ ਦਾ ਪ੍ਰੋਗਰਾਮ ਦਿੱਤਾ ਗਿਆ।
ਵਫਦ ਵਿੱਚ ਹਰਵਿੰਦਰ ਸਿੰਘ ਬਿਲਗਾ, ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਜੁਨੇਜਾ, ਨਰੰਜਣਜੋਤ ਸਿੰਘ ਚਾਂਦਪੁਰੀ, ਸੁਰਜੀਤ ਸਿੰਘ ਮੋਹਾਲੀ, ਬਿਕਰਮਜੀਤ ਸਿੰਘ ਕੱਦੋਂ, ਨਵਪ੍ਰੀਤ ਬੱਲੀ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਯੋਗੇਸ਼ ਕੁਮਾਰ ਕੌੜਾ, ਅਮਰਜੀਤ ਸਿੰਘ, ਗੁਰਪ੍ਰੀਤਪਾਲ ਸਿੰਘ, ਅਮਰੀਕ ਸਿੰਘ, ਐਨ ਡੀ ਤਿਵਾੜੀ ਆਦਿ ਹਾਜ਼ਰ ਸਨ।