ਚੰਡੀਗੜ੍ਹ-
ਆਊਟਸੋਰਸ ਭਰਤੀ ਮਾਮਲੇ ‘ਚ ਸ਼ਨਿਚਰਵਾਰ ਨੂੰ ਅੱਜ ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਵਿਭਾਗਾਂ ਨੂੰ ਬਚਾਉਣ ਅਤੇ ਪੰਜਾਬ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਟਰਾਂਸਪੋਰਟ ਮਾਫੀਆ ਖਤਮ ਕਰਨ ਸਮੇਤ ਸਾਰੀਆਂ ਜਾਇਜ਼ ਮੰਗਾਂ ਦਾ ਹੱਲ ਕੱਢਣ ਦੀ ਗੱਲ ਕਰਦੀ ਸੀ।
ਪ੍ਰੰਤੂ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਨਿਸ਼ਾਨੇ ਤੋਂ ਸਰਕਾਰ ਭੜਕ ਗਈ ਹੈ ਪਿਛਲੇ ਸਮੇਂ ਵਿੱਚ ਯੂਨੀਅਨ ਨੇ ਟਰਾਂਸਪੋਰਟ ਮੰਤਰੀ ਪੰਜਾਬ ਦੇ ਕਹਿਣ ਤੇ ਹੜਤਾਲ ਪੋਸਟਪੌਨ ਕੀਤੀ ਸੀ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ 7 ਦਿਨ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ 2 ਤੋਂ ਢਾਈ ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਕੱਢਿਆ ਗਿਆ। ਜਿਸ ਦੇ ਰੋਸ ਵਜੋਂ ਹੜਤਾਲ ਰੱਖੀ ਗਈ ਅਤੇ ਮਿਤੀ 21/7/2022 ਨੂੰ ਨੋਟਿਸ ਭੇਜਿਆ ਗਿਆ ਪ੍ਰੰਤੂ ਨਾ ਤਾਂ ਟਰਾਂਸਪੋਰਟ ਮੰਤਰੀ ਪੰਜਾਬ ਨੇ ਕੋਈ ਮੀਟਿੰਗ ਕੀਤੀ ਅਤੇ ਨਾ ਹੀ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਹੋਈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਵਿਭਾਗ ਵੱਲੋਂ ਆਊਟਸੋਰਸ ਭਰਤੀ ਦੀ ਪ੍ਰਕਿਰਿਆ ਨੂੰ ਨਾ ਰੋਕੇ ਜਾਣ ’ਤੇ ਕੁਝ ਵਰਕਰਾਂ ਨੇ ਬੱਸਾਂ ’ਚ ਸਵਾਰ ਹੋ ਕੇ ਆਪਣੇ-ਆਪ ’ਤੇ ਪੈਟਰੋਲ ਪਾ ਲਿਆ ਤੇ ਅੱਗ ਲਾਉਣ ਦੀ ਧਮਕੀ ਦਿੱਤੀ। ਜਾਣਕਾਰੀ ਮੁਤਾਬਿਕ ਯੂਨੀਅਨ ਨੇ ਮੁਲਾਜ਼ਮਾਂ ਦੀ ਬਹਾਲੀ ਦੇ ਨਾਲ-ਨਾਲ ਆਊਟਸੋਰਸਿੰਗ ਭਰਤੀ ਬੰਦ ਕਰਨ ਦੀ ਮੰਗ ਉਠਾਈ ਹੈ।
ਇਸ ਤੋਂ ਤੁਰੰਤ ਬਾਅਦ ਸਬੰਧਤ ਵਿਭਾਗੀ ਅਧਿਕਾਰੀਆਂ ਅਤੇ ਪੁਲਿਸ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਮਨਾਉਣ ਦੇ ਯਤਨ ਕੀਤੇ, ਪਰ ਵਰਕਰਾਂ ਨੇ ਬੱਸਾਂ ਤੋਂ ਨਾ ਉਤਾਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਜਿਸਤੋਂ ਬਾਅਦ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੇ ਵਰਕਰਾਂ ਨੂੰ ਸਮਝਾਇਆ ਜਿਨ੍ਹਾਂ ਨਾਲ ਪੁਲਿਸ ਦੇ ਕੁੱਝ ਅਧਿਕਾਰੀ ਵੀ ਸਨ ਕਾਫ਼ੀ ਮਨਾਉਣ ਤੋਂ ਬਾਅਦ ਵਰਕਰ ਨੂੰ ਬਸ ਤੋਂ ਉਤਾਰ ਲਿਆ ਗਿਆ। ਖਬਰ ਲਿਖੇ ਜਾਣ ਤਕ ਮਾਮਲਾ ਠੰਢਾ ਸੀ।