ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਗ਼ਲਤ ਵਿਸ਼ੇ ਦੀ ਚੋਣ ਹੋਣ ‘ਤੇ ਸਕੂਲਾਂ ਨੂੰ ਲਗਾਏ ਭਾਰੀ ਜ਼ੁਰਮਾਨੇ, DTF ਦਾ ਵਫ਼ਦ ਬੋਰਡ ਦੀ ਚੇਅਰਪਰਸਨ ਨੂੰ ਮਿਲਿਆ

798

 

ਪੰਜਾਬ ਨੈੱਟਵਰਕ, ਚੰਡੀਗੜ੍ਹ–

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਬੱਚਿਆਂ ਦੇ ਲਏ ਗਏ ਪੇਪਰਾਂ ਵਿੱਚ ਬਹੁਤ ਸਾਰੇ ਸਕੂਲਾਂ ਵੱਲੋਂ ਸਿਹਤ ਅਤੇ ਸਰੀਰਕ ਸਿੱਖਿਆ ਅਤੇ ਐੱਨ ਐੱਸ ਕਿਉ ਐੱਫ ਟਰੇਡ ਦਾ ਵਿਸ਼ਾ ਖੇਡਾਂ ਅਤੇ ਸਰੀਰਕ ਸਿੱਖਿਆ ਆਪਸ ਵਿੱਚ ਮਿਲਦਾ ਹੋਣ ਕਰਕੇ ਗ਼ਲਤੀ ਨਾਲ਼ ਐੱਨ ਐੱਸ ਕਿਉ ਐੱਫ ਦਾ ਵਿਸ਼ਾ ਭਰਿਆ ਗਿਆ। ਜਿਸ ਬਾਰੇ ਬੋਰਡ ਵੱਲੋਂ ਸਬੰਧਿਤ ਸਕੂਲਾਂ ਨੂੰ ਪੇਪਰ ਤੋਂ ਬਿਲਕੁੱਲ ਇੱਕ ਦਿਨ ਪਹਿਲਾਂ ਸੂਚਨਾ ਦਿੱਤੀ ਗਈ ਅਤੇ ਨਾਲ ਹੀ ਵੱਡੇ ਜ਼ੁਰਮਾਨੇ ਸਕੂਲਾਂ ਨੂੰ ਤਾਰਨ ਲਈ ਹੁਕਮ ਵੀ ਚਾੜ੍ਹ ਦਿੱਤੇ ਗਏ। ਜਿਸ ਦੇ ਖਿਲ਼ਾਫ ਅੱਜ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਇਕ ਵਫ਼ਦ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਅਤੇ ਸੂਬਾ ਆਗੂ ਰੇਸ਼ਮ ਸਿੰਘ ਖੇਮੋਆਣਾ ਦੀ ਅਗਵਾਈ ਵਿੱਚ ਚੈਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਸਤਵੀਰ ਬੇਦੀ ਨੂੰ ਮਿਲਿਆ ।

ਜਿਸ ਬਾਰੇ ਜਾਣਕਾਰੀ ਦਿੰਦਿਆ ਉਕਤ ਆਗੂਆਂ ਨੇ ਦੱਸਿਆ ਕਿ ਬੋਰਡ ਜਿੱਥੇ ਆਵਦੀਆਂ ਗਲਤੀਆਂ ਨੂੰ ਲੁਕੋ ਰਿਹਾ ਉੱਥੇ ਮੋਟੀਆਂ ਫੀਸਾਂ ਅਤੇ ਜੁਰਮਾਨਿਆਂ ਰਾਹੀਂ ਵਿਦਿਅਰਥੀਆਂ ਅਤੇ ਅਧਿਆਪਕਾਂ ਦਾ ਸ਼ੋਸ਼ਣ ਵੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਕ ਤਾਂ ਜਿਨਾ ਸਕੂਲਾਂ ਵਿੱਚ ਐੱਨ ਐੱਸ ਕਿਉ ਐੱਫ ਸਟਰੀਮ ਹੀ ਨਹੀ ਚੱਲ ਰਹੀ ਓਹਨਾ ਸਕੂਲਾਂ ਵਿੱਚ ਐੱਨ ਐੱਸ ਕਿਉ ਐੱਫ ਦੇ ਵਿਸ਼ੇ ਖੇਡਾਂ ਅਤੇ ਸਰੀਰਕ ਸਿੱਖਿਆ ਨੂੰ ਬੋਰਡ ਵੱਲੋਂ ਕਿਉਂ ਮਨਜ਼ੂਰ ਕੀਤਾ ਗਿਆ ਅਤੇ ਇਸ ਸਬੰਧੀ ਗ਼ਲਤੀ ਨਾਲ ਭਰੇ ਇਸ ਵਿਸ਼ੇ ਦੀ ਜਾਣਕਾਰੀ ਸਬੰਧਿਤ ਸਕੂਲਾਂ ਨੂੰ ਕਿਉਂ ਨਹੀਂ ਦਿੱਤੀ ਗਈ। ਦੂਜਾ ਐੱਨ ਐੱਸ ਕਿਉ ਐੱਫ ਦਾ ਵਿਸ਼ਾ ਖੇਡਾਂ ਅਤੇ ਸਰੀਰਕ ਸਿੱਖਿਆ, ਬੋਰਡ ਦੇ ਵਿਸ਼ੇ ਸਿਹਤ ਅਤੇ ਸਰੀਰਕ ਸਿੱਖਿਆ ਨਾਲ ਬਿਲਕੁੱਲ ਮੇਲ ਖਾਂਦਾ ਹੈ ਜਿਸ ਬਾਰੇ ਬੋਰਡ ਨੇ ਕੋਈ ਅਗਾਉਂ ਸੂਚਨਾ ਦੇਣ ਦੀ ਜਿੰਮੇਵਾਰੀ ਨਹੀਂ ਸਮਝੀ, ਸਗੋਂ ਜਾਣਬੁੱਝ ਕੇ ਵਿਦਿਅਰਥੀਆਂ ਤੋਂ ਮੋਟੀਆਂ ਰਕਮਾਂ ਵਸੂਲਣ ਲਈ ਸਕੂਲਾਂ ਨੂੰ ਇੱਕ ਦਿਨ ਪਹਿਲਾਂ ਹੀ ਤਰੁੱਟੀ ਹੋਣ ਦੀ ਸੁਚਨਾ ਦਿੱਤੀ।

ਜਿਸ ਕਰਕੇ ਮੌਕੇ ਉੱਤੇ ਨਾ ਤਾਂ ਸਕੂਲਾਂ ਨੂੰ ਆਪਣੀ ਗ਼ਲਤੀ ਸੁਧਾਰਨ ਦਾ ਮੌਕਾ ਦਿੱਤਾ ਗਿਆ ਅਤੇ ਨਾ ਹੀ ਸਬੰਧਿਤ ਸਕੂਲਾਂ ਦੇ ਬੱਚਿਆਂ ਤੋਂ ਓਹ ਪੇਪਰ ਲਿਆ ਗਿਆ। ਜਿਸ ਨਾਲ਼ ਬੱਚਿਆਂ ਅਤੇ ਅਧਿਆਪਕਾਂ ਨੂੰ ਜਿੱਥੇ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਉੱਥੇ ਬੋਰਡ ਵੱਲੋਂ ਲਗਾਏ ਜਾ ਰਹੇ ਭਾਰੀ ਜੁਰਮਾਨਿਆਂ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਗੌਰਤਲਬ ਹੈ ਕਿ ਬੋਰਡ ਨੇ ਆਪਣੇ ਜਾਰੀ ਕੀਤੇ ਪੱਤਰ ਵਿੱਚ ਲਾਈ ਗਈ ਲੇਟ ਫ਼ੀਸ ਤੋਂ ਵੀ ਵੱਧ ਫ਼ੀਸ ਵਸੂਲੀ ਜਾ ਰਹੀ ਹੈ ਜਿਸ ਵਿੱਚ ਸ.ਸ.ਸ. ਸ ਗੁਲਾਬ ਗੜ ਬਠਿੰਡਾ ਨੂੰ 84500, ਸ ਸ ਸ ਸ ਮਾਨਸਾ ਨੂੰ 370500, ਸ ਸ ਸ ਸ ਮਰਹਾਣਾ, ਤਰਨ ਤਾਰਨ ਨੂੰ 175500, ਸ ਸ ਸ ਸ ਲੜਕੀਆਂ ਨੂੰ 149500 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਤਰਾਂ ਦੇ ਪੂਰੇ ਪੰਜਾਬ ਵਿੱਚ 16 ਸਕੂਲ ਹਨ ਜਿਨਾ ਤੋਂ ਬੋਰਡ ਵੱਲੋਂ ਤਰੁੱਟੀ ਦੇ ਰੂਪ ਵਿੱਚ ਮੋਟੀਆਂ ਰਕਮਾ ਵਸੂਲੀਆਂ ਜਾ ਰਹੀਆਂ ਹਨ। ਜੋ ਬੋਰਡ ਦੀ ਸਰਾਸਰ ਧੱਕੇਸ਼ਾਹੀ ਹੈ।

ਜਿਸ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਬੋਰਡ ਵੱਲੋਂ ਲਈਆਂ ਜਾ ਰਹੀਆਂ ਫ਼ੀਸਾਂ ਤੂਰੰਤ ਵਾਪਿਸ ਕੀਤੀਆਂ ਜਾਣ ਅਤੇ ਬੱਚਿਆਂ ਨੂੰ ਆਪਣੀ ਤਰੁੱਟੀਆਂ ਸੁਧਾਰਨ ਦਾ ਮੌਕਾ ਦਿੰਦੇ ਹੋਏ ਸਬੰਧਿਤ ਪੇਪਰ ਲਏ ਜਾਣ। ਇਸ ਦੇ ਸਬੰਧ ਵਿੱਚ ਡੀ ਟੀ ਐੱਫ ਵੱਲੋਂ ਸਬੰਧਿਤ ਸਕੂਲਾਂ ਦੇ ਅਧਿਆਪਕਾਂ ਨੂੰ ਨਾਲ਼ ਲੈ ਕੇ ਬੋਰਡ ਦੀ ਚੇਅਰਪਰਸਨ ਨੂੰ ਮੰਗ ਪੱਤਰ ਦੇ ਕੇ ਸਕੂਲਾਂ ਤੋਂ ਵਸੂਲੀ ਜਾ ਰਹੀ ਫ਼ੀਸ ਵਾਪਿਸ ਕਰਨ ਅਤੇ ਬੱਚਿਆਂ ਦੇ ਰਹਿ ਗਏ ਪੇਪਰ ਲੈਣ ਦੀ ਮੰਗ ਵੀ ਕੀਤੀ। ਇਸ ਸਮੇਂ ਵਫਦ ਵਿੱਚ ਗੁਰਪ੍ਰੀਤ ਸਿੰਘ ਜਿਲ੍ਹਾ ਪ੍ਰੈਸ ਸਕੱਤਰ ਡੀ ਟੀ ਐੱਫ ਬਠਿੰਡਾ, ਵਿਜੇ ਕੁਮਾਰ, ਪ੍ਰਮਿਲਾ ਰਾਣੀ ਤਰਨ ਤਾਰਨ, ਕਮਲੇਸ਼ ਲਤਾ ਮਾਨਸਾ, ਸਨਪ੍ਰੀਤ ਮਾਨਸਾ, ਅਮਨ ਸਿੰਗਲਾ ਮਾਨਸਾ, ਕਰਮਜੀਤ ਕੌਰ ਮੋਗਾ, ਪ੍ਰਭਜੋਤ ਕੌਰ ਮੋਗਾ, ਅਮਨਦੀਪ ਕੌਰ ਬਠਿੰਡਾ, ਹਰਮੰਦਰ ਸਿੰਘ ਬਠਿੰਡਾ, ਕਾਂਤਾ ਬਠਿੰਡਾ ਆਦਿ ਮੈਂਬਰ ਵਫ਼ਦ ਵਿੱਚ ਸ਼ਾਮਿਲ ਹੋਏ।

 

LEAVE A REPLY

Please enter your comment!
Please enter your name here