ਦਲਜੀਤ ਕੌਰ ਭਵਾਨੀਗੜ੍ਹ, ਚੰਡੀਗੜ੍ਹ
ਪੰਜਾਬ ਵਿੱਚ ਐਲੀਮੈਂਟਰੀ ਟੀਚਰ ਟਰੇਨਿੰਗ (ਈਟੀਟੀ) ਕਰਨ ਲਈ ਵਿਦਿਅਕ ਯੋਗਤਾ ਬਦਲ ਦਿੱਤੀ ਗਈ ਹੈ। ਹੁਣ ਪੰਜਾਬ ਵਿੱਚ ਈਟੀਟੀ ਕਰਨ ਲਈ ਘੱਟੋ-ਘੱਟ ਯੋਗਤਾ ਬੀ.ਏ. ਹੋਵੇਗੀ ਨਾ ਕਿ 12ਵੀਂ।
ਪੰਜਾਬ ਸਰਕਾਰ ਨੇ ਪ੍ਰਾਇਮਰੀ ਅਧਿਆਪਕ ਲੱਗਣ ਲਈ ਕੋਰਸ ਐਲੀਮੈਂਟਰੀ ਟੀਚਰ ਟਰੇਨਿੰਗ (ਈਟੀਟੀ) ਹੁਣ 12ਵੀਂ ਦੀ ਬਜਾਏ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਹੋਣਾ ਲਾਜ਼ਮੀ ਕਰ ਦਿੱਤਾ ਹੈ। ਪਿਛਲੇ ਹਫ਼ਤੇ ਹੋਈ ਕੈਬਨਿਟ ਮੀਟਿੰਗ ‘ਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਪੰਜਾਬ ਸਰਕਾਰ ਨੇ 2018 ਵਿੱਚ ਸਰਵਿਸ ਨਿਯਮਾਂ ‘ਚ ਕੀਤਾ ਸੀ ਵੱਡਾ ਬਦਲਾਅ
ਦੱਸਣਯੋਗ ਹੈ ਕਿ 2018 ਵਿੱਚ ਪੰਜਾਬ ਸਰਕਾਰ ਸਰਵਿਸ ਨਿਯਮਾਂ ‘ਚ ਇੱਕ ਵੱਡਾ ਬਦਲਾਅ ਕਰਦੇ ਹੋਏ ਈਟੀਟੀ ਨੌਕਰੀ ਲਈ ਯੋਗਤਾ ਬੀਏ ਕੀਤੀ ਸੀ, ਜਦੋਂ ਕਿ ਈਟੀਟੀ ਕਰਨ ਲਈ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਈਟੀਟੀ ਕਰਨ ਲਈ ਘੱਟੋ-ਘੱਟ ਯੋਗਤਾ ਸਿਰਫ਼ 12ਵੀਂ ਰੱਖੀ ਗਈ ਸੀ।
ਅਜਿਹੀ ਸਥਿਤੀ ਵਿੱਚ ਈਟੀਟੀ ਕਰ ਰਹੇ ਇਹ ਅਧਿਆਪਕ ਨੌਕਰੀ ਲਈ ਅਪਲਾਈ ਨਹੀਂ ਕਰ ਸਕੇ, ਉਨ੍ਹਾਂ ਲਈ ਪਹਿਲਾਂ ਬੀਏ ਕਰਨਾ ਲਾਜ਼ਮੀ ਸੀ, ਜਿਸ ਕਾਰਨ ਉਹ ਕਈ ਨੌਕਰੀਆਂ ਲਈ ਅਪਲਾਈ ਨਹੀਂ ਕਰ ਸਕੇ।
ਨੌਕਰੀਆਂ ਹਾਸਲ ਕਰਨ ਵਾਲੀਆਂ ਇਨ੍ਹਾਂ ਈਟੀਟੀ ਟੈੱਟ ਪਾਸ ਅਧਿਆਪਕ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਤੋਂ ਲੈ ਕੇ ਸਿੱਖਿਆ ਮੰਤਰੀਆਂ ਤੱਕ ਦੀ ਕੋਠੀ ਅੱਗੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਸਨ।
ਪੰਜਾਬ ਸਰਕਾਰ ਨੇ ਪ੍ਰਾਇਮਰੀ ਅਧਿਆਪਕਾਂ ਦੀਆਂ ਨਵੀਆਂ 5994 ਅਸਾਮੀਆਂ ਲਈ ਦਿੱਤੀ ਰਾਹਤ
ਪੰਜਾਬ ਸਰਕਾਰ ਇਸ ਦੇ ਨਾਲ ਹੀ 5994 ਈਟੀਟੀ ਦੀਆਂ ਨਵੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਕੈਬਨਿਟ ਨੇ ਇਸ ਵਿੱਚ ਇੱਕ ਵੱਡੀ ਰਾਹਤ ਦਿੰਦਿਆਂ ਕਿਹਾ ਗਿਆ ਹੈ ਕਿ 12ਵੀਂ ਈਟੀਟੀ ਪਾਸ ਕਰਨ ਵਾਲੇ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਹੈ।
ਪੰਜਾਬ ਸਰਕਾਰ ਦੀ 26 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਰਾਹਤ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ 12ਵੀਂ ਈਟੀਟੀ ਪਾਸ ਕੀਤੀ ਹੈ, ਉਹ ਵੀ 5994 ਨਵੀਆਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।