ਮੋਹਾਲੀ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਰੈਗੂਲਰ ਜਥੇਬੰਦੀ ਅਤੇ ਡੇਲੀਵੇਜ਼ ਜਥੇਬੰਦੀ ਵੱਲੋਂ ਬੋਰਡ ਦੇ ਭੱਖਦੇ ਮਸਲਿਆਂ ਉਤੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ।
ਯੂਨੀਅਨ ਵੱਲੋਂ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਸਕੱਤਰ ਸੁਨੀਲ ਅਰੋੜਾ, ਪ੍ਰਭਦੀਪ ਸਿੰਘ ਬੋਪਾਰਾਏ, ਡੇਲੀਵੇਜ਼ ਪ੍ਰਧਾਨ ਰਾਜ ਕੁਮਾਰ, ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਬੋਰਡ ਦੇ ਹਰ ਇੱਕ ਮਸਲੇ ਨੂੰ ਪਹਿਲ ਦੇ ਆਧਾਰ ਉਤੇ ਹੱਲ ਕੀਤਾ ਜਾਵੇਗਾ।
ਉਹਨਾਂ ਵੱਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਬੋਰਡ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੰਟਰੈਕਟਰ ਆਧਾਰ ਮੁਲਾਜ਼ਮਾ, ਡੇਲੀਵੇਜ਼ ਮੁਲਾਜ਼ਮ ਜਾਂ ਹੋਰ ਵੀ ਵੱਖ-ਵੱਖ ਕੈਟਾਗਰੀਆਂ ਨੂੰ ਰੈਗੂਲਰ ਕਰਨ ਸਬੰਧੀ ਕਾਰਵਾਈ ਚੱਲ ਰਹੀ ਹੈ। ਇਹ ਜਾਣਕਾਰੀ ਪ੍ਰੈੱਸ ਸਕੱਤਰ ਗੁਰਇਕਬਾਲ ਸਿੰਘ ਸੋਢੀ ਵੱਲੋਂ ਪ੍ਰੈੱਸ ਨਾਲ ਸਾਂਝੀ ਕੀਤੀ ਗਈ।