ਪੰਜਾਬ ਸਰਕਾਰ ਹੋਈ ਸਖ਼ਤ; ਹੁਣ ਇਨ੍ਹਾਂ ਵਿਅਕਤੀਆਂ ਨੂੰ ਨਿਰਧਾਰਿਤ ਪ੍ਰੋਫ਼ਾਰਮੇ ’ਚ ਹੀ ਜਾਰੀ ਹੋਵੇਗਾ ਜਾਤੀ ਸਰਟੀਫ਼ਿਕੇਟ

729

 

  • ਦੂਜੇ ਰਾਜਾਂ ’ਚ ਐਸ ਸੀ/ਕਬੀਲੇ ਵਜੋਂ ਨੋਟੀਫ਼ਾਈ ਵਿਅਕਤੀਆਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਪ੍ਰੋਫ਼ਾਰਮੇ ’ਚ ਹੀ ਜਾਰੀ ਕੀਤਾ ਜਾਵੇਗਾ ਜਾਤੀ ਸਰਟੀਫ਼ਿਕੇਟ
  • ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਅਫ਼ਸਰ ਵੱਲੋੋਂ ਮਾਲ ਅਧਿਕਾਰੀਆਂ ਨੂੰ ਪੱਤਰ

ਐਸ.ਏ.ਐਸ ਨਗਰ

ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸਾਹਿਬਜਾਦਾ ਅਜੀਤ ਸਿੰਘ ਨਗਰ ਆਸ਼ੀਸ਼ ਕਥੂਰੀਆ ਨੇ ਜ਼ਿਲ੍ਹੇ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਦਾਰਾਂ ਨੂੰ ਇੱਕ ਪੱਤਰ ਲਿਖ ਕੇ ਦੂਸਰੇ ਰਾਜਾਂ ’ਚ ਨੋਟੀਫ਼ਾਈ ਅਨੁਸੂਚਿਤ ਜਾਤੀਆਂ/ਕਬੀਲਿਆਂ ਨਾਲ ਸਬੰਧਤ ਪੰਜਾਬ ’ਚ ਮਾਈਗ੍ਰੇਟ ਹੋ ਕੇ ਆਏ ਵਿਅਕਤੀਆਂ ਨੂੰ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਜਾਤੀ ਸਰਟੀਫ਼ਿਕੇਟ ਸਰਕਾਰ ਵੱਲੋਂ ਨਿਰਧਾਰਿਤ ਪ੍ਰੋਫ਼ਾਰਮੇ ’ਚ ਹੀ ਜਾਰੀ ਕਰਨ ਲਈ ਆਖਿਆ ਹੈ।

ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵਿਅਕਤੀ, ਉਨ੍ਹਾਂ ਦੀ ਜਾਤੀ ਪੰਜਾਬ ਰਾਜ ਦੀ ਅਨੁਸੂਚਿਤ ਜਾਤੀ ਨੋਟੀਫ਼ਾਈ ਹੋਣ ਵਾਲੇ ਦਿਨ, ਪੰਜਾਬ ਰਾਜ ਦੇ ਪੱਕੇ ਵਸਨੀਕ ਸਨ, ਉਹ, ਉਨ੍ਹਾਂ ਦੇ ਬੱਚੇ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚੇ ਇਤਿਆਦ ਹੀ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਹਨ ਅਤੇ ਅਨੁਸੂਚਿਤ ਜਾਤੀ ਦਾ ਲਾਭ ਲੈਣ ਸਬੰਧੀ ਉਕਤ ਵਿਅਕਤੀਆਂ ਦਾ ਉਤਪਤੀ ਰਾਜ (ਸਟੇਟ ਆਫ਼ ਉਰਿਜਿਨ) ਪੰਜਾਬ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਰਾਜ ਤੋਂ ਇਲਾਵਾ ਭਾਰਤ ਦੇ ਕਿਸੇ ਹੋਰ ਰਾਜ/ਸੰਘ ਸਾਸ਼ਤ ਖੇਤਰ ਦੀ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਨਾਲ ਸਬੰਧਤ ਜਿਹੜੇ ਵਿਅਕਤੀ, ਆਪਣੇ ਉਤਪਤੀ ਰਾਜ (ਮੂਲ ਰਾਜ) ਤੋਂ ਪੰਜਾਬ ਰਾਜ ਵਿੱਚ ਆਏ ਹਨ, ਉੁਨ੍ਹਾਂ ਨੂੰ ਅਨੁਸੂਚਿਤ ਜਾਤੀ ਦਾ ਲਾਭ ਲੈਣ ਸਬੰਧੀ ਮਾਈਗ੍ਰੇਟਿਡ ਵਿਅਕਤੀ ਮੰਨਿਆ ਜਾਣਾ ਹੈ। ਇਨ੍ਹਾਂ ਮਾਈਗ੍ਰੇਟਿਡ ਵਿਅਕਤੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਐਸ ਸੀ/ਐਸ ਟੀ ਦਾ ਸਰਟੀਫ਼ਿਕੇਟ ਨਿਰਧਾਰਿਤ ਫ਼ਾਰਮੈਟ ’ਤੇ ਹੀ ਜਾਰੀ ਕੀਤਾ ਜਾਵੇ।

ਆਸ਼ੀਸ਼ ਕਥੂਰੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਾਈਗ੍ਰੇਟਿਡ ਵਿਅਕਤੀ ਐਸ ਸੀ ਸਰਟੀਫ਼ਿਕੇਟ ਤਾਂ ਪੰਜਾਬ ’ਚ ਬਣਵਾ ਸਕਦਾ ਹੈ ਪਰ ਪੰਜਾਬ ’ਚ ਅਨੁਸੂਚਿਤ ਜਾਤੀ ਨੂੰ ਮਿਲਦਾ ਕੋਈ ਵੀ ਲਾਭ ਨਹੀਂ ਲੈ ਸਕਦਾ। ਇਹ ਲਾਭ ਉਹ ਆਪਣੇ ਮੂਲ ਰਾਜ ਵਿੱਚ ਹੀ ਪ੍ਰਾਪਤ ਕਰ ਸਕਦਾ ਹੈ।

 

LEAVE A REPLY

Please enter your comment!
Please enter your name here