ਫਿਰੋਜ਼ਪੁਰ
ਪੰਜਾਬ ਕੈਬਨਿਟ ਦੀ ਕੱਲ੍ਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ, ਪੁਰਾਣੀ ਪੈਨਸ਼ਨ ਬਹਾਲੀ ਸਕੀਮ ਬਾਰੇ ਕੱਲ੍ਹ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ। ਦੱਸ ਦਈਏ ਕਿ, ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਸੱਦੇ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈ ਕੇ AAP ਵਿਧਾਇਕ ਰਣਬੀਰ ਸਿੰਘ ਭੁੱਲਰ ਦੇ ਦਫ਼ਤਰੀ ਸਕੱਤਰ ਐਲਵਿਨ ਭੱਟੀ ਅਤੇ AAP MLA ਐਡਵੋਕੇਟ ਰਜਨੀਸ਼ ਦਹੀਆ ਦੇ ਨਿੱਜੀ ਸਕੱਤਰ ਰੌਬੀ ਕੁੱਲਗੜੀ ਨੂੰ ਰੋਸ ਪੱਤਰ ਸੌਂਪਿਆ ਗਿਆ ।
ਇਸ ਮੌਕੇ ਸੀ ਪੀ ਐਫ ਕਰਮਚਾਰੀ ਯੂਨੀਅਨ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ , ਸੋਨੂੰ ਕਸ਼ਅੱਪ ਜ਼ਿਲ੍ਹਾ ਜਨਰਲ ਸਕੱਤਰ, ਇੰਦਰਜੀਤ ਸਿੰਘ ਢਿੱਲੋਂ ਜ਼ਿਲ੍ਹਾ ਸੀਨੀਅਰ ਮੀਤ , ਦੀਦਾਰ ਸਿੰਘ ਸੂ੍ਬਾ ਪ੍ਰਧਾਨ ਭੂਮੀ ਰੱਖਿਆ ਵਿਭਾਗ, ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ ਐਸ ਐਮ ਐਸ ਯੂ , ਪਿੱਪਲ ਸਿੰਘ ਸਿੱਧੂ ਜਿਲ੍ਹਾ ਜਨਰਲ ਸਕੱਤਰ ਪੀ ਐਸ ਐਮ ਐਸ ਯੂ , ਪ੍ਰਦੀਪ ਵਿਧਾਇਕ ਜ਼ਿਲ੍ਹਾ ਖਜਾਨਚੀ ਪੀ ਐਸ ਐਮ ਐਸ ਯੂ ਹਾਜ਼ਰ ਸਨ ।
ਮੁੱਖ ਮੰਤਰੀ ਪੰਜਾਬ ਦੇ ਨਾਮ ਹਲਕਾ ਵਿਧਾਇਕਾਂ ਨੂੰ ਰੋਸ ਪੱਤਰ ਦੇਣ ਸਮੇਂ ਉਕਤ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਨੂੰ ਅਮਲੀ ਤੌਰ ਤੇ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ । ਉਕਤ ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਕੇ ਲਾਗੂ ਕੀਤਾ ਜਾਵੇ ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਹੂਬਹੂ ਪੁਰਾਣੇ ਢੰਗ ਨਾਲ ਲਾਗੂ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਨਾ ਕੀਤਾ ਤਾਂ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ 26 ਨਵੰਬਰ ਨੂੰ ਅਹਿਮਦਾਬਾਦ (ਗੁਜਰਾਤ) ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਮੂਹਰੇ ਪੋਲ ਖੋਲ ਰੈਲੀ ਕਰਕੇ ਪੰਜਾਬ ਸਰਕਾਰ ਦੀਆਂ ਪੋਲਾਂ ਖੋਲ੍ਹਣ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ ।