ਚੰਡੀਗੜ੍ਹ
ਨਵੀਂ ਸਿੱਖਿਆ ਨੀਤੀ-2022 ਨੂੰ ਲਾਗੂ ਕਰਨ ਵਿੱਚ ਦੇਸ਼ ਦੇ ਪ੍ਰਾਈਵੇਟ ਸਕੂਲ ਅਤੇ ਸੰਸਥਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਕਿਉਂਕਿ ਭਾਰਤ ‘ਚ ਕੁੱਲ ਸਕੂਲਾਂ ਦੀ ਗਿਣਤੀ ਵਿਚੋਂ 26 ਫ਼ੀਸਦੀ ਪ੍ਰਾਈਵੇਟ ਸਕੂਲ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਾਈਵੇਟ ਸਕੂਲਾਂ ਦੇ ਯੋਗਦਾਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੁਆਰਾ ਐਲਾਨੀ ਨਵੀਂ ਸਿੱਖਿਆ ਨੀਤੀ-2022 ਨੂੰ ਲਾਗੂ ਕਰਨ ਵਿੱਚ ਪ੍ਰਾਈਵੇਟ ਸਕੂਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਉਨਾਂ ਦੱਸਿਆ ਕਿ ਭਾਰਤ ਦੇ ਕੁੱਲ ਸਕੂਲਾਂ ਵਿੱਚੋਂ, ਨਿੱਜੀ ਖੇਤਰ ਦੇ ਸਕੂਲ ਕੁੱਲ ਗਿਣਤੀ ਦਾ 26 ਫ਼ੀਸਦੀ ਬਣਦੇ ਹਨ ਜਦਕਿ ਪੰਜਾਬ ਵਿੱਚ ਪ੍ਰਾਈਵੇਟ ਸੈਕਟਰ ਦੇ ਸਕੂਲਾਂ ਦੀ ਗਿਣਤੀ 30 ਫ਼ੀਸਦੀ ਹੈ ਜੋ ਰਾਸ਼ਟਰੀ ਔਸਤ ਤੋਂ ਵੱਧ ਹੈ। ਉਨਾਂ ਕਿਹਾ ਕਿ ਕੁੱਲ ਦਾਖ਼ਲਾ ਅਨੁਪਾਤ ਦੇ ਅੰਕੜਿਆਂ ਨੂੰ ਸੁਧਾਰਨ ਵਿੱਚ ਪ੍ਰਾਈਵੇਟ ਸਕੂਲਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ।
ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ 100 ਫ਼ੀਸਦੀ ਦਾਖ਼ਲਾ ਯਕੀਨੀ ਬਣਾਉਣ ‘ਚ ਪ੍ਰਾਈਵੇਟ ਸਕੂਲਾਂ ‘ਤੇ ਵੱਡੀ ਜ਼ੁੰਮੇਵਾਰੀ ਹੈ ਤਾਂ ਜੋ ਦੇਸ਼ ਦੇ ਹਰ ਬੱਚੇ ਤੱਕ ਸਿੱਖਿਆ ਦੀ ਪਹੁੰਚ ਬਣਾਈ ਜਾ ਸਕੇ। ਉਨਾਂ ਦੇਸ਼ ਭਰ ਤੋਂ ਸਮਾਗਮ ‘ਚ ਸ਼ਿਰਕਤ ਕਰਨ ਵਾਲੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨੂੰ ਵੀ ਨਵੀਂ ਸਿੱਖਿਆ ਨੀਤੀ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਪ੍ਰੇਰਿਤ ਕੀਤਾ।
ਉਨਾਂ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਸਿੱਖਿਆ ਭਾਰਤ ਦੇ ਵਿਕਾਸ ਦਾ ਧੁਰਾ ਰਹੀ ਹੈ। ਸਾਡੇ ਪੂਰਵਜਾਂ ਨੇ ਸੈਂਕੜੇ ਸਾਲ ਪਹਿਲਾਂ ਨਾਲੰਦਾ ਅਤੇ ਤਕਸ਼ਿਲਾ ਦੇ ਰੂਪ ‘ਚ ਵਿਸ਼ਵ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਬਣਾਈਆਂ ਅਤੇ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ।ਉਨਾਂ ਕਿਹਾ ਕਿ ਇੱਕ ਚੰਗੀ ਸਿੱਖਿਆ ਪ੍ਰਣਾਲੀ ਇੱਕ ਗਿਆਨਵਾਨ ਸਮਾਜ ਦੀ ਨੀਂਹ ਹੈ, ਜਿਸ ਨਾਲ ਇੱਕ ਅਗਾਂਹਵਧੂ, ਜਮਹੂਰੀ ਸਮਾਜ ਦਾ ਨਿਰਮਾਣ ਹੁੰਦਾ ਹੈ।
ਉਨਾਂ ਕਿਹਾ ਕਿ ਨਿਰਸੰਦੇਹ ਭਾਰਤ ਨੇ ਵਿਗਿਆਨ, ਤਕਨਾਲੋਜੀ, ਨਵੀਨਤਾ ਅਤੇ ਆਰਥਿਕ ਵਿਕਾਸ ਦੇ ਖੇਤਰਾਂ ਵਿੱਚ ਬਹੁਤ ਤਰੱਕੀ ਕੀਤੀ ਹੈ, ਪਰ ਸਿਰਫ਼ ਫੈਕਟਰੀਆਂ, ਡੈਮਾਂ, ਸੜਕਾਂ ਦਾ ਨਿਰਮਾਣ ਹੀ ਅਸਲ ਵਿਕਾਸ ਨਹੀਂ ਬਲਕਿ ਸਾਨੂੰ ਆਪਣੇ ਮਨਾਂ ‘ਚ ਕਦਰਾਂ ਕੀਮਤਾਂ, ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਪ੍ਰਤੀ ਵਫ਼ਾਦਾਰ ਵੀ ਕਾਇਮ ਰੱਖਣੀ ਹੋਵੇਗੀ।
ਉਨਾਂ ਕਿਹਾ ਕਿ ਸਾਡੇ ਵਿਦਿਅਕ ਅਦਾਰਿਆਂ ਵਿੱਚ ਅਜਿਹੇ ਅਧਿਆਪਕ ਹੋਣੇ ਚਾਹੀਦੇ ਹਨ ਜੋ ਨੌਜਵਾਨ ਮਨਾਂ ਦੇ ਵਿਚਾਰਾਂ ਨੂੰ ਰੂਪ ਦੇ ਸਕਣ ਅਤੇ ਅਧਿਆਪਕ ਵਿਦਿਆਰਥੀਆਂ ਦੇ ਮਨਾਂ ਵਿੱਚ ਸਹੀ ਕਦਰਾਂ-ਕੀਮਤਾਂ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਉਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਦੀ ਨੌਜਵਾਨ ਮਨਾਂ ਵਿੱਚ ਕਦਰਾਂ-ਕੀਮਤਾਂ, ਅਨੁਸ਼ਾਸਨ, ਸਮਰਪਣ ਅਤੇ ਰਾਸ਼ਟਰ ਪ੍ਰਤੀ ਪ੍ਰਤੀਬੱਧਤਾ ਦੀ ਭਾਵਨਾ ਪੈਦਾ ਕਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇੱਕ ਮਜਬੂਤ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਣਾਲੀ ‘ਚ ਅਜਿਹੀ ਤਾਕਤ ਹੈ, ਜੋ ਭਾਰਤ ਨੂੰ ਵਿਸ਼ਵ ਦੇ ਮੋਹਰੀ ਦੇਸ਼ਾਂ ‘ਚ ਸ਼ੁਮਾਰ ਕਰਨ ‘ਚ ਸਹਾਈ ਹੋਵੇਗੀ।
ਉਨਾਂ ਕਿਹਾ ਕਿ ਕਦਰਾਂ-ਕੀਮਤਾਂ ਤੋਂ ਬਿਨਾਂ ਸਿੱਖਿਆ ਦਾ ਕੋਈ ਆਧਾਰ ਨਹੀਂ ਹੈ। ਉਨਾਂ ਸਕੂਲ ਮੁਖੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੂਲਾਂ ਨੂੰ ਲਾਜ਼ਮੀ ਤੌਰ ‘ਤੇ ਕਦਰਾਂ-ਕੀਮਤਾਂ ‘ਤੇ ਅਧਾਰਤ ਅਤੇ ਸੰਪੂਰਨ ਸਿੱਖਿਆ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਅੱਜ ਦੁਨੀਆ ਨੂੰ ਹਿੰਸਾ, ਅੱਤਵਾਦ, ਅਸਹਿਣਸ਼ੀਲਤਾ ਅਤੇ ਵਾਤਾਵਰਣ ਦੇ ਵਿਗਾੜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਬੱਚਿਆਂ ਨੂੰ ਸੱਚਾਈ, ਸਹਿਣਸ਼ੀਲਤਾ, ਅਖੰਡਤਾ, ਧਰਮ ਨਿਰਪੱਖਤਾ ਅਤੇ ਸਮਾਵੇਸ਼ ਦੀਆਂ ਕਦਰਾਂ-ਕੀਮਤਾਂ ਪ੍ਰਦਾਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਵਿਸ਼ਵ ਨੂੰ ਰਹਿਣ ਲਈ ਇੱਕ ਸੁਰੱਖਿਅਤ ਅਤੇ ਬਿਹਤਰ ਸਥਾਨ ਬਣਾਇਆ ਜਾ ਸਕੇ।
ਉਨਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ‘ਤੇ ਧਿਆਨ ਕੇਂਦਰਤ ਕਰਦਿਆਂ ਇੱਕ ਵਿਕਸਤ ਭਾਰਤ ਦੇ ਨਿਰਮਾਣ ਲਈ ਸਮੁੱਚੇ ਦੇਸ਼ਵਾਸੀਆਂ ਨੂੰ ਇੱਕਜੁੱਟ ਹੋਣ ਦਾ ਸਮਾਂ ਹੈ। ਉਨਾਂ ਕਿਹਾ ਕਿ ‘ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ’ ਭਾਰਤ ਲਈ ਆਪਣੀ ਪੁਰਾਤਨ ਸਾਖ ਕਾਇਮ ਕਰਨ ਅਤੇ ਵਿਸ਼ਵ ਵਿੱਚ ਗਿਆਨ ਦੀ ਮਹਾਂਸ਼ਕਤੀ ਵਜੋਂ ਸਥਾਪਿਤ ਹੋਣ ਦਾ ਸੁਨਿਹਰੀ ਮੌਕਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਸਮਾਜ ਨੂੰ ਲੋੜੀਂਦੀ ਮਿਆਰੀ ਸਿੱਖਿਆ ਪ੍ਰਦਾਨ ‘ਚ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨਾਂ ਕਿਹਾ ਕਿ ਪਿਛਲੇ 20-25 ਸਾਲਾਂ ‘ਚ ਪੰਜਾਬ ਨੂੰ ਪੈਰਾਂ ‘ਤੇ ਖੜੇ ਰੱਖਣ ‘ਚ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨਾਂ ਕਿਹਾ ਕਿ ਸਮਾਜ ‘ਚ ਅਧਿਆਪਕ ਦਾ ਰੁਤਬਾ ਪ੍ਰਮਾਤਮਾ ਦੇ ਸਮਾਨ ਹੈ।
ਉਨਾਂ ਕਿਹਾ ਕਿ ਅਧਿਆਪਕਾਂ ਦੀ ਵਿਦਿਆਰਥੀਆਂ ਪ੍ਰਤੀ ਵੱਡੀ ਜ਼ੁੰਮੇਵਾਰੀ ਬਣਦੀ ਹੈ, ਕਿ ਉਹ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ, ਇਤਿਹਾਸ ਅਤੇ ਮਾਂ ਬੋਲੀ ਨਾਲ ਜੋੜਨ ਲਈ ਸੰਜ਼ੀਦਾ ਕਦਮ ਚੁੱਕਣ। ਉਨਾਂ ਕਿਹਾ ਕਿ ਸਭ ਭਾਸ਼ਾਵਾਂ ਦਾ ਸਤਿਕਾਰ ਕਰੋ ਪਰ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣਾ ਅਤਿਅੰਤ ਮਹੱਤਵਪੂਰਨ ਹੈ।
ਇਸ ਲਈ, ਜਦੋਂ ਅਸੀਂ ਅੱਜ ਹਿੰਸਾ, ਨਸ਼ਿਆਂ ਅਤੇ ਬੇਰੁਜ਼ਗਾਰੀ ਦੇ ਖਤਰੇ ਨੂੰ ਦੇਖਦੇ ਹਾਂ ਤਾਂ ਅਧਿਆਪਕ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਰ ਵਿਦਿਆਰਥੀ ਦਾ ਹੱਥ ਫੜਣ ਤਾਂ ਜੋ ਉਨਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ ਅਤੇ ਉੱਜਵਲ ਭਵਿੱਖ ਯਕੀਨੀ ਬਣਾਇਆ ਜਾ ਸਕੇ।