ਅੰਮ੍ਰਿਤਸਰ :
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ‘ਸੈਂਟਰਲ ਸੈਕਟਰ ਸਕੀਮ ਆਨ ਪ੍ਰਮੋਸ਼ਨ ਆਫ਼ ਐਗਰੀਕਲਚਰਲ ਮੈਕੇਨਾਈਜ਼ੇਸ਼ਨ ਫਾਰ ਇੰਨ-ਸਿਟੂ ਮੈਨੇਜਮੈਂਟ ਆਫ਼ ਕਰਾਪ ਰੇਜ਼ੀਡਿਓ’ (ਸੀ.ਆਰ.ਐੱਮ.) ਸਾਲ 2022-23 ਅਧੀਨ ਸਮਾਰਟ ਸੀਡਰ ਮਸ਼ੀਨ ਸਬਸਿਡੀ ‘ਤੇ ਖਰੀਦਣ ਲਈ ਆਨਲਾਈਨ ਪੋਰਟਲ ‘ਤੇ ਅਰਜ਼ੀਆਂ ਦੀ ਮੰਗ 15 ਅਕਤੂਬਰ 2022 ਤੱਕ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ agrimachinerypb.com(ਐਗਰੀ ਮਸ਼ਨਰੀ) ਪੋਰਟਲ ‘ਤੇ ਸਮਾਰਟ ਸੀਡਰ ਖਰੀਦਣ ਦੇ ਚਾਹਵਾਨ ਕਿਸਾਨ ਸਬਸਿਡੀ ਲਈ ਅਰਜ਼ੀਆਂ ਦੇ ਸਕਦੇ ਹਨ।
ਸਮਾਰਟ ਸੀਡਰ ਮਸ਼ੀਨ ਹੈਪੀ ਸੀਡਰ ਅਤੇ ਸੂਪਰ ਸੀਡਰ ਦੇ ਵਿਚਾਲੇ ਦੀ ਮਸ਼ੀਨ ਹੈ। ਇਹ ਮਸ਼ੀਨ ਉੱਥੇ ਹੀ ਵਹਾਈ ਕਰਦੀ ਹੈ, ਜਿੱਥੇ ਬੀਜ ਖਾਦ ਸੁੱਟਣਾ ਹੁੰਦਾ ਹੈ, ਬਾਕੀ ਜਗ੍ਹਾ ‘ਤੇ ਪਰਾਲੀ ਵਿਛੀ ਰਹਿੰਦੀ ਹੈ, ਜਿਸ ਨਾਲ ਪਾਣੀ ਅਤੇ ਨਦੀਨ ਨਾਸ਼ਕਾਂ ਦੀ ਬੱਚਤ ਹੁੰਦੀ ਹੈ।
ਵਹਾਈ ਹੋਣ ਕਰਕੇ ਬੀਜ ਅਤੇ ਮਿੱਟੀ ਵਿੱਚ ਸੰਪਰਕ ਵਧੀਆ ਹੁੰਦਾ ਹੈ, ਜਿਸ ਕਰਕੇ ਕਣਕ ਦਾ ਜੰਮ ਬਹੁਤ ਹੀ ਸ਼ਾਨਦਾਰ, ਛੇਤੀ ਅਤੇ ਬਰਾਬਰ ਹੁੰਦਾ ਹੈ। ਇਹ ਮਸ਼ੀਨ ਇਕ ਦਿਨ ਵਿਚ 7-8 ਕਿੱਲੇ ਜ਼ਮੀਨ ਬੀਜ ਸਕਦੀ ਹੈ ਅਤੇ 45-50 ਹਾਰਸ ਪਾਵਰ ਟਰੈਕਟਰ ਦੀ ਲੋੜ ਪੈਂਦੀ ਹੈ। ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਸੰਪਰਕ ਕਰ ਸਕਦੇ ਹਨ।