ਫ਼ਰੀਦਕੋਟ/ ਸ੍ਰੀ ਮੁਕਤਸਰ ਸਾਹਿਬ
ਫ਼ਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਦੋ ਸਰਕਾਰੀ ਸਕੂਲਾਂ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਇਹ ਪੁਰਸਕਾਰ ਸਕੂਲਾਂ ਨੂੰ ਸਵੱਛ ਭਾਰਤ ਵਿਦਿਆਲਾ-2022 ’ਚ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਹੈ।
ਖ਼ਬਰਾਂ ਦੀ ਮੰਨੀਏ ਤਾਂ, ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕਿੰਗਰਾ ਸਥਿਤ ਸਰਕਾਰੀ ਮਿਡਲ ਸਕੂਲ ਦੇ ਇੰਚਾਰਜ ਧਰਮਿੰਦਰ ਸਿੰਘ ਦੀ 10 ਸਾਲਾਂ ਦੀ ਸਖ਼ਤ ਮਿਹਨਤ ਨਾਲ ਇਹ ਸੰਭਵ ਹੋ ਸਕਿਆ ਹੈ। ਖ਼ਾਸ ਗੱਲ ਇਹ ਹੈ ਕਿ ਸਕੂਲ ਨੂੰ ਤਿੰਨ ਵਾਰ ਸੂਬਾ ਪੱਧਰੀ ਪੁਰਸਕਾਰ ਵੀ ਮਿਲ ਚੁੱਕਾ ਹੈ।
ਇਸ ਤੋਂ ਪਹਿਲਾਂ ਸਕੂਲ ਨੂੰ ਸਾਲ 2017 ’ਚ ਇਹ ਪੁਰਸਕਾਰ ਮਿਲਿਆ ਸੀ। ਇਹ ਪੁਰਸਕਾਰ ਸਕੂਲ ਦੇ ਇੰਚਾਰਜ ਧਰਮਿੰਦਰ ਸਿੰਘ ਨੇ 19 ਨਵੰਬਰ, 2022 ਨੂੰ ਦਿੱਲੀ ’ਚ ਹੋਏ ਸਮਾਗਮ ਦੌਰਾਨ ਹਾਸਲ ਕੀਤਾ।
ਧਰਮਿੰਦਰ ਸਿੰਘ ਮੁਤਾਬਕ, 2012 ’ਚ ਜਦੋਂ ਉਨ੍ਹਾਂ ਨੇ ਇਸ ਸਕੂਲ ਦੇ ਇੰਚਾਰਜ ਵਜੋਂ ਚਾਰਜ ਸੰਭਾਲਿਆ, ਉਦੋਂ ਸਕੂਲ ’ਚ ਕੁਝ ਨਹੀਂ ਸੀ। ਉਨ੍ਹਾਂ ਸਕੂਲ ਦੀ ਨੁਹਾਰ ਬਦਲਣ ਬਾਰੇ ਸੋਚਿਆ ਤਾਂ ਸਰਕਾਰ ਵੱਲੋਂ ਪਹਿਲੇ ਸਾਲਾਨਾ ਪੰਜ ਹਜ਼ਾਰ ਰੁਪਏ ਤੇ 2017 ਤੋਂ ਸਾਲਾਨਾ 25 ਹਜ਼ਾਰ ਰੁਪਏ ਮੈਂਟੇਨੈਂਸ ਲਈ ਮਿਲਣ ਵਾਲਾ ਫੰਡ ਨਾਕਾਫ਼ੀ ਸੀ।
ਇਸ ’ਤੇ ਉਨ੍ਹਾਂ ਆਪਣੀ ਜੇਬ ’ਚੋਂ ਕਰੀਬ ਸਾਢੇ ਛੇ ਲੱਖ ਰੁਪਏ ਖ਼ਰਚ ਕੀਤੇ। ਉਨ੍ਹਾਂ ਸਕੂਲ ’ਚ ਵਧੀਆ ਪਖ਼ਾਨੇ ਬਣਵਾਏ। ਸਕੂਲ ਨੂੰ ਰੰਗ ਕਰਵਾਇਆ ਤੇ ਬਾਹਰ ਪੌਦੇ ਲਗਵਾਏ। ਅਜਿਹੀ ਹਾਲਤ ’ਚ ਸਕੂਲ ਦੀ ਵੱਖਰੀ ਪਛਾਣ ਬਣਨ ਲੱਗੀ।
ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹੀ ਫਾਜ਼ਿਲਕਾ ਦੀ ਹੱਦ ’ਤੇ ਵਸੇ ਪਿੰਡ ਪੱਕੀ ਟਿੱਬੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੇ ਛੇ ਸਾਲ ’ਚ ਸਕੂਲਾਂ ਦੀ ਅਜਿਹੀ ਨੁਹਾਰ ਬਦਲੀ ਕਿ ਉਹ ਜ਼ਿਲ੍ਹੇ ਭਰ ਦੇ ਨਿੱਜੀ ਸਕੂਲਾਂ ਨੂੰ ਵੀ ਪਿੱਛੇ ਛੱਡ ਰਿਹਾ ਹੈ।
ਇਸੇ ਦਾ ਨਤੀਜਾ ਹੈ ਕਿ ਇਸ ਸਕੂਲ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨਵੀਂ ਦਿੱਲੀ ’ਚ ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਸਕੂਲ ਦੀ ਪ੍ਰਿੰਸੀਪਲ ਅਨੁਪਮਾ ਧੂਡ਼ੀਆ ਨੂੰ ਇਹ ਪੁਰਸਕਾਰ ਦਿੱਤਾ।
ਪ੍ਰਿੰਸੀਪਲ ਧੂਡ਼ੀਆ ਨੇ ਦੱਸਿਆ ਕਿ ਜਦੋਂ 2016 ’ਚ ਉਨ੍ਹਾਂ ਦੀ ਇਸ ਸਕੂਲ ’ਚ ਪੋਸਟਿੰਗ ਹੋਈ ਤਾਂ ਇਹ ਸਕੂਲ ਇਕ ਖੰਡਰ ਵਾਂਗ ਸੀ। ਉਨ੍ਹਾਂ ਸਕੂਲ ਦੇ ਸਟਾਫ ਤੇ ਪ੍ਰਵਾਸੀ ਭਾਰਤੀਆਂ ਦੀ ਮਦਦ ਨਾਲ ਸਕੂਲ ਨੂੰ ਨਵਾਂ ਰੂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਛੇ ਸਾਲਾਂ ’ਚ ਸਕੂਲ ’ਤੇ ਕਰੀਬ 40 ਲੱਖ ਰੁਪਏ ਖ਼ਰਚ ਕਰ ਕੇ ਹਰ ਕਲਾਸ ਰੂਮ ਨੂੰ ਸਮਾਰਟ ਕਲਾਸ ਰੂਮ ਦਾ ਰੂਪ ਦਿੱਤਾ ਗਿਆ।
ਉੱਥੇ ਹੀ ਇੱਥੋਂ ਦੇ ਕਮਰੇ, ਪਖ਼ਾਨੇ, ਲਾਇਬ੍ਰੇਰੀ, ਲੈਬੋਰਟਰੀ, ਫਰਨੀਚਰ ਆਦਿ ਹਰੇਕ ਚੀਜ਼ ਸ਼ਾਨਦਾਰ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦਾ ਸਟਾਫ ਹਰ ਮਹੀਨੇ ਆਪਣੀ ਜੇਬ ’ਚੋਂ 400 ਰੁਪਏ ਦਿੰਦਾ ਹੈ ਜਿਸ ਨਾਲ ਸਕੂਲ ’ਚ ਨਵੇਂ-ਨਵੇਂ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾਂਦਾ ਹੈ।