Punjab News: ਪਾਵਰਕੌਮ ਦੇ ਠੇਕਾ ਮੁਲਾਜ਼ਮਾਂ ਵੱਲੋਂ ਮਾਨ ਸਰਕਾਰ ਖਿਲਾਫ਼ ਮੋਰਚਾ ਲਾਉਣ ਦਾ ਐਲਾਨ

498

 

  • ਪਾਵਰਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸ਼ਡ ਮੁਲਾਜ਼ਮ 13 ਜੂਨ ਤੋਂ ਮੁੱਖ ਦਫ਼ਤਰ ਅੱਗੇ ਲਾਉਣਗੇ ਮੋਰਚਾ
  • ਪਾਵਰਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਪੱਕਾ ਕਰੇ ਸਰਕਾਰ:-ਕਮੇਟੀ ਆਗੂ

ਪੰਜਾਬ ਨੈੱਟਵਰਕ, ਬਠਿੰਡਾ

ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰਕਾਮ ਐਂਡ ਟ੍ਰਾਂਸਕੋ ਕੰਟਰੈਕਚੂਅਲ ਵਰਕਰਜ਼ (ਪੰਜਾਬ) ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਬਲਿਹਾਰ ਸਿੰਘ ਕਟਾਰੀਆ,ਗੁਰਵਿੰਦਰ ਸਿੰਘ ਪੰਨੂੰ,ਸਿਮਰਨਜੀਤ ਸਿੰਘ ਨੀਲੋਂ,ਜਗਸੀਰ ਸਿੰਘ ਭੰਗੂ,ਰਾਜੇਸ਼ ਕੁਮਾਰ ਮੌੜ,ਖੁਸ਼ਦੀਪ ਸਿੰਘ ਬਠਿੰਡਾ,ਬਲਵਿੰਦਰ ਸਿੰਘ ਸੈਣੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮੁੱਚੇ ਪਾਵਰਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮ ਪਾਵਰਕਾਮ ਵਿੱਚ ਪੱਕਾ ਕਰਨ ਸਮੇਤ ਆਪਣੀਆਂ ਹੋਰ ਜਾਇਜ਼ ਮੰਗਾਂ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ।

ਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਟ੍ਰਾਂਸਕੋ ਦੀ ਮੈਨੇਜਮੈਂਟ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਅਣ-ਵੇਖਿਆ ਕਰਕੇ ਪਾਵਰਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕਾ ਨਹੀਂ ਕਰ ਰਹੀ,ਜਦੋਂ ਕਿ ਸਰਕਾਰੀ ਥਰਮਲ ਪਲਾਂਟਾਂ,ਹਾਈਡਲ ਪ੍ਰੋਜੈਕਟਾਂ,ਗਰਿੱਡਾਂ,ਦਫਤਰਾਂ,ਸਟੋਰਾਂ ਅਤੇ ਫੀਲਡ ਦੇ ਸੀ.ਐੱਚ.ਬੀ/ਸੀ.ਐੱਚ.ਡਬਲਯੂ.ਸਮੇਤ ਸਮੁੱਚੇ ਵਿਭਾਗ ਵਿੱਚ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਖਾਲੀ ਆਸਾਮੀਆਂ ਦੇ ਵਿਰੁੱਧ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਹਨ।

ਇਹਨਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਭਰਤੀ ਪਾਵਰਕਾਮ ਅਤੇ ਟ੍ਰਾਂਸਕੋ ਦੀ ਮੈਨੇਜਮੈਂਟ ਦੀ ਮੰਗ ਅਨੁਸਾਰ ਵੱਖ-ਵੱਖ ਠੇਕੇਦਾਰਾਂ,ਕੰਪਨੀਆਂ ਅਤੇ ਪੈਸਕੋ ਕੰਪਨੀ ਦੁਬਾਰਾ ਬਕਾਇਦਾ ਖਾਲੀ ਅਸਾਮੀਆਂ ਦੇ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਵਿਭਾਗ ਵਿੱਚ ਸਾਲਾਂ-ਬੱਧੀ ਕੰਮ ਦਾ ਤਜ਼ਰਬਾ ਵੀ ਹੈ ਅਤੇ ਪਾਵਰਕਾਮ ਦੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਪੱਕੀ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ।

ਇਸ ਹਾਲਤ ਵਿੱਚ ਪਾਵਰਕਾਮ ਅਤੇ ਟ੍ਰਾਂਸਕੋ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਪੱਕਾ ਨਾ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਟ੍ਰਾਂਸਕੋ ਦੀ ਮੈਨੇਜਮੈਂਟ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ਼ ਸਰਾਸ਼ਰ ਨੰਗਾ-ਚਿੱਟਾ ਧੋਖਾ ਕਰ ਰਹੀ ਹੈ,ਜਿਸ ਦੇ ਵਿਰੋਧ ਵਜੋਂ ਪਾਵਰਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮ “ਕੋਆਰਡੀਨੇਸ਼ਨ ਕਮੇਟੀ” ਦੇ ਬੈਨਰ ਹੇਠ 13 ਜੂਨ ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਮੋਰਚਾ ਲਾਉਣਗੇ।

ਇਸ ਮੋਰਚੇ ਦੀਆਂ ਤਿਆਰੀਆਂ ਸੰਬੰਧੀ ਕਮੇਟੀ ਦੇ ਆਗੂਆਂ ਵੱਲੋੰ ਸਮੁੱਚੇ ਪੰਜਾਬ ਵਿੱਚ ਤਿਆਰੀ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ,ਕਮੇਟੀ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਟ੍ਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਪਾਵਰਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਵਿਭਾਗ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ।

ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਮੁਤਾਬਿਕ ਇੱਕ ਅਨ-ਸਕਿਲਡ ਆਊਟਸੋਰਸ਼ਡ ਠੇਕਾ ਮੁਲਾਜ਼ਮ ਦੀ ਤਨਖਾਹ ਘੱਟੋ-ਘੱਟ ਪੱਚੀ ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਡਿਉਟੀ ਦੌਰਾਨ ਮੌਤ ਹੋਣ ਤੇ ਵਾਰਿਸਾਂ ਨੂੰ ਘੱਟੋ-ਘੱਟ ਪੰਜਾਹ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਿਛਲੇ ਸਮੇਂ ਵਿੱਚ ਬਿਜਲੀ ਮੰਤਰੀ ਅਤੇ ਪਾਵਰਕਾਮ ਟ੍ਰਾਂਸਕੋ ਦੀ ਮੈਨੇਜਮੈਂਟ ਨਾਲ਼ ਹੋਈਆਂ ਪੈਨਲ ਮੀਟਿੰਗਾਂ ਵਿੱਚ ਹੋਏ ਸਮਝੌਤਿਆਂ ਨੂੰ ਤੁਰੰਤ ਪ੍ਰਭਾਵ ਨਾਲ਼ ਲਾਗੂ ਕੀਤਾ ਜਾਵੇ।

ਬਿਜਲੀ ਖੇਤਰ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕੇਦਾਰਾਂ ਅਤੇ ਕੰਪਨੀਆਂ ਨੂੰ ਵਿਭਾਗ ਵਿੱਚੋਂ ਬਾਹਰ ਕੀਤਾ ਜਾਵੇ,ਕਮੇਟੀ ਆਗੂਆਂ ਨੇ ਪਾਵਰਕਾਮ ਅਤੇ ਟ੍ਰਾਂਸਕੋ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਉਲੀਕੇ ਸੰਘਰਸ਼ ਵਿੱਚ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਸਮੂਹ ਭਰਾਤਰੀ ਜੱਥੇਬੰਦੀਆਂ ਨੂੰ ਵੀ ਇਸ ਸੰਘਰਸ਼ ਵਿੱਚ ਹਮਾਇਤ ਕਰਨ ਦਾ ਸੱਦਾ ਦਿੱਤਾ।

LEAVE A REPLY

Please enter your comment!
Please enter your name here