ਹੁਸ਼ਿਆਰਪੁਰ
ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਜ਼ਿਲ੍ਹੇ ਵਿਚ ਫੌਜਦਾਰੀ ਜ਼ਾਬਤਾ ਸੰਘਤ ਦੀ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਪ੍ਰਾਈਵੇਟ ਵਿਅਕਤੀ ਪੁਲਿਸ ਦੀ ਖਾਕੀ ਰੰਗ ਦੀ ਵਰਦੀ ਤੇ ਪੁਲਿਸ ਵਾਹਨ ਦਾ ਪ੍ਰਯੋਗ ਨਹੀਂ ਕਰੇਗਾ।
ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਕੋਈ ਵੀ ਦੁਕਾਨਦਾਰ ਜਾਂ ਦਰਜੀ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਪੁਲਿਸ ਦੀ ਵਰਦੀ ਮੁਹੱਈਆ ਨਹੀਂ ਕਰਵਾਏਗਾ। ਉਨ੍ਹਾਂ ਦੱਸਿਆ ਕਿ ਇਹ ਹੁਕਮ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਲਾਗੂ ਨਹੀਂ ਹੋਵੇਗਾ।
ਜਾਰੀ ਹੁਕਮਾਂ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਅੱਜ ਕੱਲ੍ਹ ਦੇ ਮਾਹੌਲ ਨੂੰ ਦੇਖਦੇ ਹੋਏ ਕੋਈ ਵੀ ਸ਼ਰਾਰਤੀ ਅਨਸਰ ਪੁਲਿਸ ਦੀ ਖਾਕੀ ਰੰਗ ਦੀ ਵਰਦੀ ਤੇ ਪੁਲਿਸ ਵਾਹਨ ਦਾ ਪ੍ਰਯੋਗ ਕਰਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਦੇ ਸਕਦਾ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਹ ਹੁਕਮ 23 ਅਕਤੂਬਰ 2022 ਤੱਕ ਲਾਗੂ ਰਹਿਣਗੇ।