ਪੰਜਾਬ ਪਾਵਰਕਾਮ ਨੇ ਵਿਖਾਈ “ਪਾਵਰ”, ਬਿਜਲੀ ਚੋਰਾਂ ਨੂੰ ਠੋਕਿਆ 31.81 ਲੱਖ ਰੁਪਏ ਜੁਰਮਾਨਾ

721

 

ਪਟਿਆਲਾ :

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੰਜਾਬ ’ਚ ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਪਾਵਰਕਾਮ ਦੇ ਬੁਲਾਰੇ ਨੇ ਖ਼ੁਲਾਸਾ ਕੀਤਾ ਹੈ ਕਿ ਪਾਵਰਕਾਮ ਨੇ ਬਿਜਲੀ ਦੀ ਚੋਰੀ ਅਤੇ ਹੋਰ ਉਲੰਘਣਾਵਾਂ ਲਈ 71 ਖਪਤਕਾਰਾਂ ਨੂੰ 31.81 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਬੁਲਾਰੇ ਨੇ ਦੱਸਿਆ ਹੈ ਕਿ ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਦੇ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਤੇ ਪਟਿਆਲਾ ਸਰਕਲਾਂ ਦੀਆਂ ਟੀਮਾਂ ਨੇ ਪੁਲਿਸ ਨਾਲ ਸਾਂਝੇ ਤੌਰ ’ਤੇ ਵੱਖ-ਵੱਖ ਖੇਤਰਾਂ ’ਚ 683 ਬਿਜਲੀ ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ।

ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵੱਲੋਂ ਸਾਂਝੀ ਛਾਪੇਮਾਰੀ ਦੌਰਾਨ ਪਟਿਆਲਾ ਸਰਕਲ ਅਧੀਨ ਪੈਂਂਦੇ ਸਮਰਾਲਾ ਦਿਹਾਤੀ ਤੇ ਖਮਾਣੋਂ ਖੇਤਰਾਂ ’ਚ 247 ਬਿਜਲੀ ਖਪਤਕਾਰਾਂ ਦੇ ਅਹਾਤਿਆਂ ’ਚ ਚੈਕਿੰਗ ਕੀਤੀ ਗਈ ਹੈ।

ਇਨਫੋਰਸਮੈਂਟ ਟੀਮਾਂ ਨੇ ਅੰਮ੍ਰਿਤਸਰ ਸਰਕਲ ਅਧੀਨ ਪੈਂਦੇ ਵਿਸ਼ਾਲ ਨਗਰ ਤੇ ਗੁਰੂ ਰਾਮਦਾਸ ਨਗਰ (ਪੱਟੀ ਸ਼ਹਿਰ) ਦੇ 158 ਬਿਜਲੀ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਨੇ ਬਠਿੰਡਾ ਸਰਕਲ ਅਧੀਨ ਪੈਂਦੇ ਰਾਮਾ ਮੰਡੀ, ਖੂਹਲਾ ਸਰਵਰ, ਤਲਵੰਡੀ ਭਾਈ, ਤਲਵੰਡੀ ਸਾਬੋ ਅਤੇ ਜ਼ੀਰਾ ਦੇ ਖੇਤਰਾਂ ਵਿੱਚ ਪੈਂਦੇ 121 ਖਪਤਕਾਰਾਂ ਦੇ ਅਹਾਤਿਆਂ ਵਿਚ ਚੈਕਿੰਗ ਕੀਤੀ ਹੈ ਅਤੇ ਬਿਜਲੀ ਦੇ 10 ਮੀਟਰ ਜਾਂਚ ਲਈ ਭੇਜੇ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਨਫੋਰਸਮੈਂਟ ਟੀਮਾਂ ਨੇ ਲੁਧਿਆਣਾ ਸਰਕਲ ਅਧੀਨ ਪੈਂਦੇ ਸ਼ਹਿਰ ਅਹਿਮਦਗੜ੍ਹ ਅਤੇ ਅਹਿਮਦਗੜ੍ਹ ਦਿਹਾਤੀ ਦੇ 64 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਹੈ।

ਪਾਵਰਕਾਮ ਨੇ ਆਪਣੇ ਸਾਰੇ ਵਡਮੁੱਲੇ ਖਪਤਕਾਰਾਂ/ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਨੂੰ ਕਾਬੂ ਕਰਨ ਲਈ ਪਾਵਰਕਾਮ ਦੇ ਵ੍ਹਟਸਐਪ ਨੰਬਰ 96461-75770 ’ਤੇ ਬਿਜਲੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਜ਼ੋਰਦਾਰ ਮੁਹਿੰਮ ਵਿਚ ਯੋਗਦਾਨ ਪਾ ਸਕਦੇ ਹਨ। ਪਾਵਰਕਾਮ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਪਾਵਰਕਾਮ ਦੇ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਤੇ ਪਟਿਆਲਾ ਸਰਕਲਾਂ ਦੀਆਂ ਇਨਫੋਰਸਮੈਂਟ ਟੀਮਾਂ ਨੇ ਪੁਲਿਸ ਨਾਲ ਸਾਂਝੇ ਤੌਰ ’ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਬਿਜਲੀ ਚੋਰੀ ਨੂੰ ਰੋਕਣ ਲਈ ਚਲਾਈ ਮੁਹਿੰਮ ਤਹਿਤ 117 ਖਪਤਕਾਰਾਂ ਨੂੰ 44.84 ਲੱਖ ਰੁਪਏ ਦਾ ਜੁਰਮਾਨਾ ਕੀਤਾ ਸੀ।

ਇਸ ਕਾਰਵਾਈ ਦੌਰਾਨ ਪਾਵਰਕਾਮ ਦੀਆਂ ਇਨਫੋਰਸਮੈਂਟ ਟੀਮਾਂ ਨੇ ਲਹਿਰਾਗਾਗਾ, ਮੂਨਕ, ਰਾਮਪੁਰਾ ਫੂਲ, ਮਾਨਸਾ, ਰਾਏਕੋਟ, ਭਾਈ ਭਗਤਾ, ਨਕੋਦਰ, ਅਮਰਕੋਟ ਤੇ ਤਰਨਤਾਰਨ ਖੇਤਰਾਂ ’ਚ ਵੱਖ-ਵੱਖ ਸ਼ੇ੍ਰਣੀਆਂ ਦੇ 900 ਤੋਂ ਵੱਧ ਬਿਜਲੀ ਖਪਤਕਾਰਾਂ ਦੇ ਅਹਾਤਿਆਂ ’ਚ ਸਾਂਝੀ ਛਾਪੇਮਾਰੀ ਕੀਤੀ ਸੀ।

 

LEAVE A REPLY

Please enter your comment!
Please enter your name here