ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਜਿਹੜੇ 24 ਪਿੰਡਾਂ ਨੇ ਸਾਫ ਸਫਾਈ, ਤਰਲ ਤੇ ਠੋਸ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਅਤੇ ਬੁਨਿਆਦੀ ਸਵੱਛ ਸਹੂਲਤਾਂ ਪੱਖੋਂ ਉੱਤਮ ਕੰਮ ਕੀਤੇ ਹਨ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅੱਜ ‘ਸਵੱਛ ਭਾਰਤ ਦਿਵਸ’ ਮੌਕੇ ਰਾਜ ਪੱਧਰੀ ਸਮਾਗਮ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਹ ਸਮਾਗਮ ਸਥਾਨਕ ਮਿਊਂਸੀਪਲ ਭਵਨ, ਸੈਕਟਰ 35 ਵਿਚ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਸਾਫ-ਸਫਾਈ ਰੱਖਣ, ਆਲੇ-ਦੁਆਲੇ ਨੂੰ ਖੂਬਸੂਰਤ ਬਣਾਉਣ ਅਤੇ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪਿੰਡਾਂ ਦੇ 23 ਸਕੂਲਾਂ ਨੂੰ ‘ਉੱਤਮ ਸਕੂਲ’ ਅਤੇ 23 ਸਫਾਈ ਸੇਵਕਾਂ ਨੂੰ ‘ਉੱਤਮ ਸਫਾਈ ਸੇਵਕ’ ਦਾ ਐਵਾਰਡ ਦਿੱਤਾ ਗਿਆ।
ਇਸੇ ਲੜੀ ਦੇ ਤਹਿਤ ਜਿੰਪਾ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 7 ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਚੰਗਾ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਐਕਸੀਅਨ ਸਰਬਜੀਤ ਸਿੰਘ, ਸਹਾਇਕ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਨਵਨੀਤ ਕੁਮਾਰ ਜਿੰਦਲ, ਜੇਈ ਰਾਜਿੰਦਰ ਸਿੰਘ, ਸਮੁਦਾਇਕ ਵਿਕਾਸ ਮਾਹਿਰ ਰਾਜੀਵ ਗਰਗ ਤੇ ਸੁਮਿਤਾ ਸੋਫਤ ਅਤੇ ਆਈਈਸੀ ਮਾਹਿਰ ਪੂਨਮ ਰਾਣੀ ਸ਼ਾਮਲ ਹਨ।