ਲੁਧਿਆਣਾ
ਸੋਮਵਾਰ ਸਵੇਰੇ ਲੁਧਿਆਣਾ ਵਿਖੇ ਥਾਣਾ ਦੁਗਰੀ ਵਿੱਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਥਾਣੇ ਵਿੱਚ ਤਾਇਨਾਤ 32 ਸਾਲਾ ਹੌਲਦਾਰ ਬਲਜਿੰਦਰ ਸਿੰਘ ਦੀ ਥਾਣੇ ਦੇ ਇੱਕ ਕਮਰੇ ਵਿੱਚ ਲਟਕਦੀ ਹੋਈ ਲਾਸ਼ ਬਰਾਮਦ ਹੋਈ।
ਮਿਲੀ ਜਾਣਕਾਰੀ ਦੇ ਮੁਤਾਬਕ ਬਲਜਿੰਦਰ ਸਿੰਘ ਬੀਤੇ ਕੁੱਝ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ। ਬਲਜਿੰਦਰ ਸਿੰਘ ਦੀ ਮੌਤ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦੀ ਸੂਚਨਾ ਦੇ ਕੇ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਲਾਸ਼ ਨੂੰ ਥਾਣਾ ਦੁੱਗਰੀ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਵਾਉਣ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਬਲਜਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਲਜਿੰਦਰ ਸੋਮਵਾਰ ਦੁਪਹਿਰ ਨੂੰ ਰੈਸਟ ਰੂਮ ਵਿੱਚ ਗਿਆ ਸੀ ਜਿੱਥੇ ਉਸ ਨੇ ਖੁਦ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਸਟੇਸ਼ਨ ਇੰਚਾਰਜ ਮਧੂਬਾਲਾ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਸਾਥੀ ਮੁਲਾਜ਼ਮਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।ਇਸ ਮਾਮਲੇ ਵਿੱਚ ਪੁਲਿਸ ਅਜੇ ਜ਼ਿਆਦਾ ਕੁੱਝ ਦੱਸਣ ਤੋਂ ਗੁਰੇਜ਼ ਹੀ ਕਰ ਰਹੀ ਹੈ।