- ਸਿੱਖਿਆ ਮੰਤਰੀ ਬੈਂਸ ਵਲੋਂ ਧਰਨਾਕਾਰੀ ਅਧਿਆਪਕਾਂ ਖਿਲਾਫ਼ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ
ਦਲਜੀਤ ਕੌਰ ਭਵਾਨੀਗੜ੍ਹ, ਚੰਡੀਗੜ੍ਹ
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਗੱਲਬਾਤ ਦਾ ਸੁਹਿਰਦ ਮਾਹੌਲ ਸਿਰਜ ਕੇ ਮਸਲਿਆਂ ਦਾ ਠੋਸ ਹੱਲ ਕਰਨ ਦੀ ਥਾਂ, ਧਰਨਾਕਾਰੀਆਂ ਨਾਲ ਸੰਵਾਦ ਕਰਨ ਤੋਂ ਕੋਰੇ ਇਨਕਾਰ ਰਾਹੀਂ ਸਿੱਖਿਆ ਵਿਭਾਗ ਨੂੰ ਧਰਨਾ ਮੁਕਤ ਕਰਨ ਬਾਰੇ ਦਿੱਤੇ ਬਿਆਨ ਨੂੰ ਗ਼ੈਰ ਜਮਹੂਰੀ ਦੱਸਦਿਆਂ ਮੰਤਰੀ ਵਲੋਂ ਅਪਣਾਏ ਅੱਖੜ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਡੀ.ਟੀ.ਐੱਫ. ਦੇ ਸੂਬਾਈ ਮੀਤ ਪ੍ਰਧਾਨਾਂ ਬੇਅੰਤ ਸਿੰਘ ਫੂਲੇਵਾਲ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜਸਵਿੰਦਰ ਔਜਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਸੰਘਰਸ਼ੀ ਧਿਰਾਂ ਨਾਲ ਗੰਭੀਰ ਗੱਲਬਾਤ ਚਲਾਉਣ ਦੀ ਥਾਂ ਕੇਵਲ ਡੰਗ ਟਪਾਈ ਕੀਤੀ ਜਾ ਰਹੀ ਹੈ।
ਬੀਤੀ 12 ਅਕਤੂਬਰ ਨੂੰ ਡੀ.ਟੀ.ਐਫ., ਈਟੀਟੀ ਅਧਿਆਪਕ ਐਸੋਸੀਏਸ਼ਨ 6505 ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਨਾਲ ਸਿੱਖਿਆ ਮੰਤਰੀ ਬੈਂਸ ਵਲੋਂ ਅਧਿਕਾਰੀਆਂ ਦੀ ਮੌਜੂਦਗੀ ਵਾਲੀ ਕੋਈ ਫ਼ੈਸਲਾਕੁਨ ਮੀਟਿੰਗ ਕਰਨ ਦੀ ਥਾਂ 40 ਦਿਨਾਂ ਬਾਅਦ ਦੁਬਾਰਾ ਮਿਲਣ ਦਾ ਲਾਰਾ ਲਗਾ ਕੇ ਮਹਿਜ਼ ਖਾਨਾਪੂਰਤੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸੇ ਆਮ ਆਦਮੀ ਪਾਰਟੀ ਦੇ ਆਗੂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਖ ਵੱਖ ਵਰਗਾਂ ਦੇ ਧਰਨਿਆਂ ਵਿੱਚ ਜਾ ਕੇ ਆਪਣੇ ਤੋਂ ਪਹਿਲੀਆਂ ਸਰਕਾਰਾਂ ਦੇ ਵਿਰੋਧ ਵਿੱਚ ਬੋਲਦੇ ਰਹੇ ਹਨ ਪ੍ਰੰਤੂ ਹੁਣ ਆਪ ਸਰਕਾਰ ਵੀ ਅਕਾਲੀ-ਕਾਂਗਰਸੀ ਸਰਕਾਰਾਂ ਵਾਂਗ ਹੀ ਜਮਹੂਰੀ ਹੱਕਾਂ ਨੂੰ ਬੇਕਿਰਕੀ ਨਾਲ ਕੁਚਲ ਰਹੀ ਹੈ।
ਆਗੂਆਂ ਨੇ ਦੱਸਿਆ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਵੀ ਰਾਜ ਕਰਦੀਆਂ ਬਾਕੀ ਸਿਆਸੀ ਧਿਰਾਂ ਵਰਗੀ ਕਾਰਪੋਰੇਟਾਂ ਪੱਖੀ, ਕੇਂਦਰੀਕ੍ਰਿਤ ਸਿਆਸਤ ਵਾਲੀ ਅਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੀ ਪਾਰਟੀ ਹੀ ਹੈ।
ਡੀਟੀਐੱਫ ਆਗੂਆਂ ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸਨ, ਪਵਨ ਕੁਮਾਰ, ਰੁਪਿੰਦਰ ਪਾਲ ਗਿੱਲ, ਨਛੱਤਰ ਸਿੰਘ ਤਰਨਤਾਰਨ, ਤਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਆਦਿ ਨੇ ਕਿਹਾ ਕਿ ਮੰਤਰੀ ਦੇ ਅਜਿਹੇ ਰਵੱਈਏ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਜਿਸ ਤਹਿਤ ਓ.ਡੀ.ਐੱਲ. ਅਧਿਆਪਕਾਂ ਦੇ 11-11 ਸਾਲ ਤੋਂ ਪੈਡਿੰਗ ਰੈਗੂਲਰ ਆਰਡਰ ਜਾਰੀ ਨਾ ਕਰਨ ਅਤੇ 180 ਈਟੀਟੀ ਅਧਿਆਪਕਾਂ ‘ਤੇ ਮੂਲ ਭਰਤੀ (4500 ਈ.ਟੀ.ਟੀ.) ਦੇ ਸਾਰੇ ਲਾਭ ਬਹਾਲ ਨਾ ਕਰਨ ਦੇ ਵਿਰੋਧ ਵਿੱਚ 23 ਅਕਤੂਬਰ ਨੂੰ ਦੀਵਾਲੀ ਮੌਕੇ 9 ਕੈਬਨਿਟ ਮੰਤਰੀਆਂ ਦੇ ਘਰਾਂ ਮੂਹਰੇ, ਤਿੰਨ ਅਧਿਆਪਕ ਜਥੇਬੰਦੀਆਂ ਦੇ ਸੱਦੇ ਤਹਿਤ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਅਰਥੀ ਫੂਕ ਮੁਜ਼ਾਹਰਿਆਂ ਵਿਚ ਵੱਡੀ ਗਿਣਤੀ ਨਾਲ ਹਿੱਸਾ ਲਿਆ ਜਾਵੇਗਾ।
ਇਸ ਉਪਰੰਤ ਵੀਂ ਮਸਲਿਆਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ 6 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।