ਚੰਡੀਗੜ੍ਹ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22- ਬੀ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਵਲੋਂ ਇੱਕ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਕੀਤੇ ਜਾ ਰਹੇ ਫੈਸਲਿਆਂ ਦੀ ਕੜੀ ਵਿੱਚ ਇੱਕ ਹੋਰ ਕੀਰਤੀਮਨ ਸਥਾਪਿਤ ਕਰ ਦਿੱਤਾ ਹੈ।
ਜੱਥੇਬੰਦੀਆਂ ਵਲੋਂ ਮੰਗ ਤਾਂ ਇਹ ਕੀਤੀ ਜਾ ਰਹੀ ਸੀ ਕਿ ਕਾਂਗਰਸ ਸਰਕਾਰ ਵਲੋਂ ਮੁਲਾਜ਼ਮਾਂ ਤੇ ਜਬਰੀ ਲਗਾਇਆ 200 ਰੁਪਏ ਜਜ਼ੀਆ ਟੈਕਸ ਨੂੰ ਬੰਦ ਕੀਤਾ ਜਾਵੇ, ਪ੍ਰੰਤੂ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਮੁਲਾਜ਼ਮਾਂ ਉੱਪਰ ਲਗਾਏ ਗਏ ਇਸ ਟੈਕਸ ਨੂੰ ਬੰਦ ਤਾਂ ਕੀ ਕਰਨਾ ਸੀ ਸਗੋਂ ਪੈਨਸ਼ਨਰਾਂ ਉੱਪਰ ਵੀ ਇਹ 200 ਰੁਪਏ ਡਿਵੈਲਪਮੈਂਟ ਟੈਕਸ ਲਾਗੂ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਪੱਤਰ ਨੰਬਰ ਅੰ.ਵਿ.ਪੱ.ਨੰ. ਐਫ.ਡੀ.-ਐਫ.ਈ.50ਐਮ ਆਈ ਐਸ ਸੀ/2/2023-5 ਐਫ ਈ 5/ 362 ਮਿਤੀ 22-06-2023 ਤਹਿਤ ਪੈਨਸ਼ਨਰਾਂ ਦੇ ਡਿਵੈਲਪਮੈਂਟ ਟੈਕਸ ਕੱਟਣ ਦੇ ਹੁਕਮ ਜਾਰੀ ਕੀਤੇ ਹਨ।
ਜੱਥੇਬੰਦੀ ਦੇ ਆਗੂਆਂ ਵੇਦ ਪ੍ਰਕਾਸ਼ ਸ਼ਰਮਾ, ਕਰਮਜੀਤ ਸਿੰਘ ਬੀਹਲਾ, ਸੁਖਵਿੰਦਰ ਚਾਹਲ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਜੱਥੇਬੰਦੀਆਂ ਵਲੋਂ ਸਰਕਾਰ ਤੋਂ ਮੰਗ ਤਾਂ ਇਹ ਕੀਤੀ ਜਾ ਰਹੀ ਸੀ ਕਿ ਮੁਲਾਜ਼ਮਾਂ ਨੂੰ ਇਸ ਜਜ਼ੀਆ ਟੈਕਸ ਤੋਂ ਮੁਕਤੀ ਦਵਾਈ ਜਾਵੇ, ਪੈਨਸ਼ਨਰਾਂ ਨੂੰ 1-1-2016 ਤੋਂ 30-06-2021 ਤੱਕ ਦਾ ਬਕਾਇਆ ਅਤੇ ਰਹਿੰਦੀਆਂ ਮੰਹਿਗਾਈ ਭੱਤੇ ਦੀਆਂ ਕਿਸ਼ਤਾਂ ਦਿੱਤੀਆਂ ਜਾਣ।
ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2.59 ਦਾ ਗੁਣਾਂਕ ਦਿੱਤਾ ਜਾਵੇ। ਆਗੂਆਂ ਨੇ ਕਿਹਾ ਮੁਲਾਜ਼ਮ ਅਤੇ ਪੈਨਸ਼ਨਰ ਪਹਿਲਾਂ ਹੀ ਤਨਖਾਹ ਅਤੇ ਪੈਨਸ਼ਨ ਉੱਪਰ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ ਅਤੇ ਦੇਸ਼ ਅਤੇ ਪ੍ਰਾਂਤ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ, ਪ੍ਰੰਤੂ ਮੌਜੂਦਾ ਇਸ ਬਦਲਾਅ ਵਾਲੀ ਸਰਕਾਰ ਵਲੋਂ ਆਪਣੇ ਝੂਠੇ ਪ੍ਚਾਰ ਲਈ ਸੂਬੇ ਦੇ ਲੋਕਾਂ ਦਾ ਕਰੋੜਾਂ ਰੁਪਈਆ ਫੂਕ ਰਹੀ ਹੈ ਅਤੇ ਵਿਕਾਸ ਕਰਨ ਲਈ ਮੁਲਜ਼ਮਾਂ ਅਤੇ ਪੈਨਸ਼ਨਰਾਂ ਕੋਲੋਂ ਜਬਰੀ ਟੈਕਸ ਵਸੂਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਸੱਚ-ਮੁੱਚ ਹੀ ਵਿਕਾਸ ਦੇ ਕੰਮ ਕੀਤੇ ਗਏ ਹੁੰਦੇ ਤਾਂ ਪਿਛਲੀਆਂ ਸਰਕਾਰਾਂ ਵਾਂਗ ਵੱਡੇ-ਵੱਡੇ ਬੋਰਡਾਂ ਰਾਹੀ ਪ੍ਰਚਾਰ ਕਰਨ ਤੇ ਕਰੋੜਾਂ ਰੁਪਏ ਨਾ ਲੁਟਾਏ ਜਾਂਦੇ।ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਤੁਗਲਕੀ ਫਰਮਾਨ ਨੂੰ ਵਾਪਿਸ ਲਿਆ ਜਾਵੇ ਅਤੇ ਸਾਂਝੇ ਫਰੰਟ ਦੇ ਆਗੂਆਂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਹੱਲ ਕੀਤੇ ਜਾਣ।
ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਮਿਤੀ 24 ਅਤੇ 25 ਜੂਨ ਨੂੰ ਮੰਤਰੀਆਂ ਦੇ ਘਰਾਂ ਅੱਗੇ ਇਸ ਪੱਤਰ ਦੀਆਂ ਕਾਪੀਆਂ ਪਫੂਕਣ ਦੇ ਪ੍ਰੋਗਰਾਮ ਵਿੱਚ ਵੀ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਵਲੋਂ ਸ਼ਮੂਲੀਆ ਕੀਤੀ ਜਾਵੇਗੀ।
ਇਸ ਮੌਕੇ ਕਿਸ਼ੋਰ ਚੰਦ ਗਾਜ, ਕੁਲਦੀਪ ਪੂਰੋਵਾਲ, ਬੋਬਿੰਦਰ ਸਿੰਘ, ਬੀਰਇੰਦਰਜੀਤ ਪੁਰੀ, ਫੂਮਣ ਸਿੰਘ ਕਾਠਗੜ੍ਹ, ਮੋਹਣ ਸਿੰਘ ਪੂਨੀਆ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਰਜੇਸ਼ ਕੁਮਰ ਅਮਲੋਹ, ਜਸਵਿੰਦਰ ਸਿੰਘ ਸੋਜਾ, ਜਸਵੀਰ ਤਲਵਾੜਾ, ਜੱਗਾ ਸਿੰਘ ਅਲੀਸ਼ੇਰ, ਬਲਵਿੰਦਰ ਭੁੱਟੋ, ਗੁਰਦੇਵ ਸਿੰਘ ਸਿੱਧੂ, ਗੁਰਵਿੰਦਰ ਸਿੰਘ, ਪ੍ਰੇਮ ਚੰਦ, ਮਨੋਹਰ ਲਾਲ ਸ਼ਰਮਾ, ਅਰਵਿੰਦਰ ਸਿੰਘ ਰਸੂਲਪੁਰ, ਨਿਰਮੋਲਕ ਸਿੰਘ, ਰਜਿੰਦਰ ਸਿੰਘ ਰਿਆੜ, ਸਰਬਜੀਤ ਸਿੰਘ ਪੱਟੀ, ਸੁਭਾਸ਼ ਚੰਦਰ, ਅਮਰੀਕ ਸਿੰਘ, ਕੁਲਦੀਪ ਵਾਲੀਆ ਆਦਿ ਆਗੂ ਵੀ ਹਾਜਰ ਸਨ।