ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਚਾੜੇ ਹੁਕਮ! 23000 ਵਿਦਿਆਰਥੀਆਂ ਤੋਂ ਵਾਪਸ ਲਓ ਵਜ਼ੀਫ਼ਾ ਰਾਸ਼ੀ

332

 

  • ਡੀ ਟੀ ਐੱਫ ਵੱਲੋਂ ਵਿਦਿਆਰਥੀਆਂ ਤੋਂ ਵਜ਼ੀਫਾ ਰਾਸ਼ੀ ਵਾਪਸ ਲੈਣ ਦੇ ਅਧਿਆਪਕਾਂ ਨੂੰ ਚਾੜ੍ਹੇ ਹੁਕਮਾਂ ਦਾ ਵਿਰੋਧ
  • ਵਜ਼ੀਫ਼ੇ ਦੀ ਉਗਰਾਹੀ ਲਈ ਤੰਗ ਪ੍ਰੇਸਾਨ ਕਰਨਾ ਬਰਦਾਸ਼ਤ ਨਹੀਂ ਕਰਨਗੇ ਅਧਿਆਪਕ : ਡੀ ਟੀ ਐੱਫ

ਮਾਨਸਾ

ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਇੱਕ ਪੱਤਰ ਜਾਰੀ ਕਰਕੇ ਸੈਸ਼ਨ 2022-23 ਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ ਸੀ ਐਂਡ ਅਦਰਜ਼ ਸਕੀਮ ਅਧੀਨ ਵਜ਼ੀਫਾ ਰਾਸ਼ੀ ਦੀ ਗਲਤੀ ਨਾਲ ਹੋਈ ਦੋਹਰੀ/ਤੀਹਰੀ ਅਦਾਇਗੀ ਨੂੰ ਵਾਪਸ ਲੈ ਕੇ ਇਸ ਰਾਸ਼ੀ ਨੂੰ 20 ਅਕਤੂਬਰ ਤੱਕ ਮੁੱਖ ਦਫ਼ਤਰ ਦੇ ਖਾਤੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਸਕੂਲ ਮੁਖੀਆਂ ਨੂੰ ਚਾੜ੍ਹ ਦਿੱਤੇ ਹਨ।

ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਜਿਲ੍ਹਾ ਮਾਨਸਾ ਦੇ ਪ੍ਰਧਾਨ ਪਰਮਿੰਦਰ ਸਿੰਘ, ਜਨਰਲ ਸਕੱਤਰ ਅਮੋਲਕ ਡੇਲੂਆਣਾ, ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਖੁਡਾਲ ਅਤੇ ਮੀਤ ਪ੍ਰਧਾਨ ਜਸਵੀਰ ਭੱਮਾ ਨੇ ਕਿਹਾ ਕਿ ਵਿਭਾਗ ਵੱਲੋਂ ਸੈਸ਼ਨ 2022-23 ਦੇ ਵਜ਼ੀਫ਼ੇ ਦੀ ਰਾਸ਼ੀ 23001 ਵਿਦਿਆਰਥੀਆਂ ਦੇ ਖਾਤਿਆਂ ਵਿੱਚ 1400 ਰੁਪਏ ਦੀ ਅਦਾਇਗੀ ਦੋ ਵਾਰ ਹੋ ਗਈ ਹੈ ਅਤੇ 694 ਵਿਦਿਆਰਥੀਆਂ ਦੇ ਖਾਤਿਆਂ ਵਿੱਚ ਇਹ ਅਦਾਇਗੀ ਤਿੰਨ ਵਾਰ ਹੋ ਗਈ ਹੈ ਅਤੇ ਵਿਭਾਗ ਇਸ ਪਿੱਛੇ ਤਕਨੀਕੀ ਨੁਕਸ ਐਲਾਨ ਕੇ ਆਪ ਜ਼ਿੰਮੇਵਾਰੀ ਤੋਂ ਭੱਜਦਾ ਹੋਇਆ ਸਕੂਲ ਮੁਖੀਆਂ ਨੂੰ ਰਿਕਵਰੀ ਕਰਨ ਦੇ ਹੁਕਮ ਚਾੜ੍ਹ ਰਿਹਾ ਹੈ।

ਵਿਭਾਗ ਦੇ ਇੰਨ੍ਹਾਂ ਹੁਕਮਾਂ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਜੁਰਮਾਨੇ ਪਾਉਣ ਵੇਲੇ ਸਿੱਖਿਆ ਵਿਭਾਗ ਅਤੇ ਸਿੱਖਿਆ ਬੋਰਡ ਬੇਕਿਰਕੀ ਨਾਲ ਫੈਸਲੇ ਥੋਪਦਾ ਹੈ ਅਤੇ ਹੁਣ ਆਪਣੇ ਵਾਰੀ ਇੰਨੀ ਗੰਭੀਰ ਕੁਤਾਹੀ ਦੇ ਮਾਮਲੇ ਵਿੱਚ ਟੈਕਨੀਕਲ ਗਲਤੀ ਦਾ ਬਹਾਨਾ ਬਣਾ ਕੇ ਪੱਲਾ ਚਾੜ੍ਹ ਰਿਹਾ ਹੈ।

ਆਗੂਆਂ ਨੇ ਕਿਹਾ ਇਸ ਅਦਾਇਗੀ ਨੂੰ ਹੋਇਆਂ ਕਾਫੀ ਸਮਾਂ ਲੰਘ ਗਿਆ ਹੈ ਅਤੇ ਦੋਹਰੀ ਤੀਹਰੀ ਅਦਾਇਗੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਅਨੇਕਾਂ ਵਿਦਿਆਰਥੀ ਸਕੂਲ ਛੱਡ ਚੁੱਕੇ ਹਨ ਉਨ੍ਹਾਂ ਤੋਂ ਰਿਕਵਰੀ ਕਰਨੀ ਔਖਾ ਕੰਮ ਹੈ। ਆਗੂਆਂ ਨੇ ਕਿਹਾ ਕਿ ਸਕੂਲ ਮੁਖੀ ਰਿਕਵਰੀ ਕਰਨ ਲਈ ਅੱਗੇ ਵਜ਼ੀਫਾ ਨੋਡਲ ਨੂੰ ਹੁਕਮ ਚਾੜ੍ਹ ਰਹੇ ਹਨ ਅਤੇ ਵਜ਼ੀਫਾ ਨੋਡਲ ਅੱਗੇ ਕਲਾਸ ਇੰਚਾਰਜਾਂ ਨੂੰ। ਇਸ ਤਰਾਂ ਕੁੱਲ ਮਿਲਾ ਕੇ ਅਖੀਰ ਚ ਗਾਜ ਇੱਕ ਅਧਿਆਪਕ ਤੇ ਹੀ ਡਿੱਗੇਗੀ।

ਪੱਤਰ ‘ਚ ਅਧਿਆਪਕਾਂ ਨੂੰ ਇਸ ਤਰਾਂ ਰਾਸੀ ਜਮਾਂ ਕਰਵਾਉਣ ਸਬੰਧੀ ਹੁਕਮ ਚਾੜ੍ਹੇ ਗਏ ਹਨ ਜਿਵੇਂ ਇਹ ਗਲਤੀ ਅਧਿਆਪਕਾਂ ਤੋਂ ਹੋਈ ਹੋਵੇ। ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਅਧਿਆਪਕਾਂ ਨੂੰ ਫਾਲਤੂ ਦੇ ਕੰਮਾਂ ਚ ਉਲਝਾਅ ਰਹੀ ਹੈ।

ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਜਾਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਤੇ ਇਹ ਰਾਸੀ ਜਮਾਂ ਕਰਵਾਉਣ ਸਬੰਧੀ ਕੋਈ ਦਬਾਅ ਬਣਾਇਆ ਗਿਆ ਤਾਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਉਪਰੋਕਤ ਤੋਂ ਇਲਾਵਾ ਕੌਰ ਸਿੰਘ ਫੱਗੂ, ਸੁਖਵੀਰ ਸਿੰਘ ਸਰਦੂਲਗੜ੍ਹ, ਗੁਰਲਾਲ ਸਿੰਘ ਗੁਰਨੇ, ਗੁਰਦਾਸ ਸਿੰਘ ਗੁਰਨੇ, ਸੰਤੋਖ ਸਿੰਘ ਗੁਰਨੇ, ਹੰਸਾ ਸਿੰਘ ਡੇਲੂਆਣਾ, ਅਮਰੀਕ ਸਿੰਘ ਭੀਖੀ, ਦਿਲਬਾਗ ਸਿੰਘ ਰੱਲੀ, ਪਰਮਜੀਤ ਸਿੰਘ ਬੱਪੀਆਣਾ,ਜਸਵਿੰਦਰ ਕੁਮਾਰ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here