ਸੰਗਰੂਰ
ਪੰਜਾਬ ਪ੍ਰੀਜ਼ਨ ਰੂਲਜ਼ 2022 ਦੀਆਂ ਹਦਾਇਤਾਂ ਤਹਿਤ ਜੇਲ੍ਹਾਂ ‘ਚ ਵਰਜਿਤ ਸਮਾਨ ਦੀ ਤਸਕਰੀ ਨੂੰ ਸਖ਼ਤੀ ਨਾਲ ਠੱਲ੍ਹਣ ਲਈ ਜ਼ਿਲ੍ਹਾ ਮੈਜਿਸਟਰੇਟ ਜਤਿੰਦਰ ਜੋਰਵਾਲ ਨੇ ਕ੍ਰਿਮੀਨਲ ਪ੍ਰੋਸੀਜ਼ਰ ਕੋਡ (ਸੀਆਰਪੀਸੀ) 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਪੰਜਾਬ ਪ੍ਰੀਜ਼ਨ ਰੂਲਜ਼ 2022 ਜਾਂ ਸਮੇਂ-ਸਮੇਂ ‘ਤੇ ਲਾਗੂ ਹੋਣ ਵਾਲੇ ਕਿਸੇ ਵੀ ਹੋਰ ਕਾਨੂੰਨ ਤਹਿਤ ਜੇਲ੍ਹਾਂ ਅੰਦਰ ਵਰਜਿਤ ਸਮਾਨ ਜਾਂ ਚੀਜ਼ਾਂ ਨੂੰ ਕਿਸੇ ਵੀ ਜ਼ਰੀਏ ਜੇਲ੍ਹਾਂ ਅੰਦਰ ਲੈ ਕੇ ਜਾਣ ਜਾਂ ਇਸਦੀ ਸਿੱਧੀ ਜਾਂ ਅਸਿੱਧੀ ਕੋਸ਼ਿਸ਼ ਕਰਨ ‘ਤੇ ਪਾਬੰਦੀ ਲਾਈ ਜਾਂਦੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮਾਂ ‘ਚ ਕਿਹਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਲਈ ਇਹ ਹੁਕਮ ਜੇਲ੍ਹਾਂ ਦੇ ਅੰਦਰ ਅਤੇ ਬਾਹਰ ਸਖ਼ਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਪਾਬੰਦੀਸ਼ੁਦਾ ਵਸਤੂਆਂ ਦੇ ਜੇਲ੍ਹਾਂ ਦੇ ਅਹਾਤੇ ਅੰਦਰ ਬੰਦੀਆਂ ਤੱਕ ਅਵੈਧ ਤਰੀਕਿਆਂ ਨਾਲ ਪਹੁੰਚਣ ਕਾਰਨ ਮਨੁੱਖੀ ਜਾਨਾਂ ਤੋਂ ਲੈ ਕੇ ਪਬਲਿਕ ਸੰਪਤੀ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਬਣ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਰਜਿਤ ਸਮਾਨ ਦੀ ਜੇਲ੍ਹ ਅੰਦਰ ਬੰਦੀਆਂ ਕੋਲ ਗ਼ੈਰ ਕਾਨੂੰਨੀ ਸਾਧਨਾਂ ਜ਼ਰੀਏ ਉਪਲਬਧ ਹੋਣ ਕਾਰਨ ਜੁਰਮ ‘ਚ ਹੋਰ ਵਾਧਾ ਹੋਣ ਦੀ ਸਥਿਤੀ ਅਕਸਰ ਬਣ ਜਾਂਦੀ ਹੈ। ਹੁਕਮਾਂ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲ਼ਿਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਹੁਕਮ 16 ਜਨਵਰੀ 2023 ਤੱਕ ਲਾਗੂ ਰਹਿਣਗੇ।