ਕਪੂਰਥਲਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਸਬੰਧੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ,ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਫਾਇਰ ਬਿ੍ਗੇਡ,ਐਂਬੂਲੈਂਸ ਅਤੇ ਰਿਕਵਰੀ ਵੈਨਾਂ ਦੀ ਤਾਇਨਾਤੀ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ,ਰੇਲ ਕੋਚ ਫੈਕਟਰੀ ਹਸਪਤਾਲ,ਡਿਸਪੈਂਸਰੀ ਤਲਵੰਡੀ ਚੌਧਰੀਆਂ ਅਤੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਐਮਰਜੈਂਸੀ ਵਾਰਡਾਂ ਨੂੰ ਤਿਆਰ ਬਰ ਤਿਆਰ ਰੱਖਣ ਸਬੰਧੀ ਸਿਵਲ ਸਰਜਨ ਕਪੂਰਥਲਾ ਨੂੰ ਹੁਕਮ ਜਾਰੀ ਕੀਤੇ ਹਨ।
ਸੁਲਤਾਨਪੁਰ ਲੋਧੀ ਸ਼ਹਿਰ ਵਿਖੇ ਤਲਵੰਡੀ ਚੌਧਰੀਆਂ ਚੌਂਕ,ਗੁਰਦੁਆਰਾ ਬੇਰ ਸਾਹਿਬ ਦੇ ਸਾਹਮਣੇ ਅਤੇ ਸ਼ਹੀਦ ਉਧਮ ਸਿੰਘ ਚੌਂਕ ਵਿਖੇ ਐਂਬੂਲੈਂਸਾਂ ਦੀ ਤਾਇਨਾਤੀ ਲਈ ਸਿਵਲ ਸਰਜਨ ਕਪੂਰਥਲਾ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਫਾਇਰ ਅਫ਼ਸਰ ਨਗਰ ਨਿਗਮ ਕਪੂਰਥਲਾ ਨੂੰ ਅੱਗ ਬੁਝਾਊ ਗੱਡੀ ਸ਼ਹੀਦ ਊਧਮ ਸਿੰਘ ਚੌਂਕ ਸੁਲਤਾਨਪੁਰ ਲੋਧੀ ਅਤੇ ਪੁੱਡਾ ਕਾਲੋਨੀ ਸੁਲਤਾਨਪੁਰ ਵਿਖੇ ਤਾਇਨਾਤ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਉਣ ਵਾਲੇ ਵਾਹਨਾਂ ਵਿਚ ਕਿਸੇ ਕਿਸਮ ਦੀ ਖਰਾਬੀ ਹੋਣ ਦੇ ਕਾਰਨ ਆਵਾਜਾਈ ਵਿਚ ਪੈਣ ਵਾਲੇ ਵਿਘਨ ਨੂੰ ਰੋਕਣ ਲਈ ਰਿਕਵਰੀ ਵੈਨਾਂ ਦੀ ਤਾਇਨਾਤੀ ਸਬੰਧੀ ਵੀ ਪੀ.ਆਰ.ਟੀ.ਸੀ. ਕਪੂਰਥਲਾ ਨੂੰ ਹੁਕਮ ਜਾਰੀ ਕੀਤੇ ਗਏ ਹਨ।
ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿਚ ਆਉਣ ਵਾਲੀ ਸੰਗਤ ਨੂੰ ਆਵਾਜਾਈ, ਸੁਰੱਖਿਆ, ਪੀਣ ਵਾਲਾ ਪਾਣੀ, ਪਾਰਕਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧੀ ਐੱਸ.ਡੀ.ਐੱਮ. ਸੁਲਤਾਨਪੁਰ ਲੋਧੀ ਨੂੰ ਸਾਰੇ ਪ੍ਰਬੰਧਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।