ਐੱਸਏਐੱਸ ਨਗਰ :
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਮਾਰਚ 2023 ’ਚ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਫ਼ੀਸਾਂ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਦਸਵੀਂ ਸ਼੍ਰੇਣੀ ਲਈ ਪ੍ਰੀਖਿਆ ਫ਼ੀਸ ਪ੍ਰਤੀ ਪ੍ਰੀਖਿਆਰਥੀ 800 ਰੁਪਏ, ਪ੍ਰਤੀ ਪ੍ਰਯੋਗੀ ਵਿਸ਼ਾ 100 ਨਿਰਧਾਰਤ ਕੀਤੀ ਗਈ ਹੈ। ਵਾਧੂ ਵਿਸ਼ਾ ਲੈਣ ਵਾਲੇ ਪ੍ਰੀਖਿਆਰਥੀਆਂ ਨੂੰ 350 ਰੁਪਏ ਪ੍ਰਤੀ ਵਿਸ਼ਾ ਵੀ ਭਰਨੇ ਹੋਣਗੇ।
ਇਸੇ ਤਰਾਂ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀਖਿਆਵਾਂ ਫ਼ੀਸ ਪ੍ਰਤੀ ਪ੍ਰੀਖਿਆਰਥੀ 1200 ਰੁਪਏ, ਪ੍ਰਤੀ ਪ੍ਰਯੋਗੀ ਵਿਸ਼ਾ 150 ਰੁਪਏ ਅਤੇ ਪ੍ਰਤੀ ਵਾਧੂ ਵਿਸ਼ਾ 350 ਰੁਪਏ ਨਿਰਧਾਰਤ ਕੀਤੀ ਗਈ ਹੈ। ਜੇਕਰ ਕੋਈ ਪ੍ਰੀਖਿਆਰਥੀ ਪ੍ਰੀਖਿਆ ਪਾਸ ਕਰਨ ਉਪਰੰਤ ਆਪਣੇ ਸਰਟੀਫ਼ਿਕੇਟ ਦੀ ਹਾਰਡ ਕਾਪੀ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਮੰਤਵ ਲਈ 100 ਰੁਪਏ ਹੋਰ ਭਰਨੇ ਹੋਣਗੇ।
ਕੰਟਰੋਲਰ ਪ੍ਰੀਖਿਆਵਾਂ ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਬਿਨਾਂ ਕਿਸੇ ਲੇਟ ਫ਼ੀਸ ਤੋਂ, ਆਫ਼-ਲਾਈਨ ਫ਼ੀਸ ਭਰਨ ਲਈ ਬੈਂਕ ਚਲਾਨ 15 ਸਤੰਬਰ 2022 ਤੋਂ 15 ਅਕਤੂਬਰ 2022 ਤਕ ਜੇਨਰੇਟ ਕਰਵਾਏ ਜਾ ਸਕਣਗੇ।
ਇਸ ਉਪਰੰਤ ਪ੍ਰੀਖਿਆਰਥੀ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿਚ 26 ਅਕਤੂਬਰ 2022 ਤਕ ਜਮ੍ਹਾਂ ਕਰਵਾ ਸਕਣਗੇ। ਆਪਣੇ ਪ੍ਰੀਖਿਆਵਾਂ ਫ਼ਾਰਮ ਭਰਕੇ ਆਨ-ਲਾਈਨ ਗੇਟ-ਵੇਅ ਰਾਹੀਂ ਪ੍ਰੀਖਿਆਵਾਂ ਫ਼ੀਸ ਭਰਨ ਵਾਲੇ ਪ੍ਰੀਖਿਆਰਥੀ ਲਈ ਵੀ 26 ਅਕਤੂਬਰ 2022 ਹੀ ਪ੍ਰੀਖਿਆਵਾਂ ਫ਼ੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਹੋਵੇਗੀ।
ਨਿਰਧਾਰਤ ਪ੍ਰੀਖਿਆ ਫ਼ੀਸ ਤੋਂ ਇਲਾਵਾ ਪ੍ਰਤੀ ਪ੍ਰੀਖਿਆਰਥੀ 500 ਰੁਪਏ ਲੇਟ ਫ਼ੀਸ ਨਾਲ 16 ਅਕਤੂਬਰ 2022 ਤੋਂ 26 ਅਕਤੂਬਰ 2022 ਤਕ ਆਫ਼-ਲਾਈਨ ਫ਼ੀਸ ਲਈ ਬੈਂਕ ਚਲਾਨ ਜੇਨਰੇਟ ਕਰਕੇ 04 ਨਵੰਬਰ 2022 ਤਕ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿਚ ਜਮ੍ਹਾਂ ਕਰਵਾਈ ਜਾ ਸਕੇਗੀ।
ਪ੍ਰੀਖਿਆ ਫ਼ਾਰਮ ਭਰਕੇ ਆਨ-ਲਾਈਨ ਗੇਟ-ਵੇਅ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਵਾਲੇ ਪ੍ਰੀਖਿਆਰਥੀਆਂ ਲਈ ਵੀ ਫ਼ੀਸ ਭਰਨ ਦੀ ਆਖ਼ਰੀ ਮਿਤੀ 04 ਨਵੰਬਰ 2022 ਹੀ ਨਿਰਧਾਰਤ ਕੀਤੀ ਗਈ ਹੈ।
ਨਿਰਧਾਰਤ ਪ੍ਰੀਖਿਆ ਫ਼ੀਸ ਤੋਂ ਇਲਾਵਾ ਪ੍ਰਤੀ ਪ੍ਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ 27 ਅਕਤੂਬਰ 2022 ਤੋਂ 04 ਨਵੰਬਰ 2022 ਤਕ ਆਫ਼-ਲਾਈਨ ਫ਼ੀਸ ਲਈ ਬੈਂਕ ਚਲਾਨ ਜੇਨਰੇਟ ਕਰਕੇ 14 ਨਵੰਬਰ 2022 ਤਕ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿਚ ਜਮ੍ਹਾਂ ਕਰਵਾ ਸਕਦੇ ਹਨ ਅਤੇ ਪ੍ਰੀਖਿਆ ਫ਼ਾਰਮ ਭਰਕੇ ਆਨ-ਲਾਈਨ ਗੇਟ-ਵੇਅ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਵਾਲੇ ਪ੍ਰੀਖਿਆਰਥੀਆਂ ਲਈ ਵੀ ਆਖਰੀ ਮਿਤੀ 14 ਨਵੰਬਰ 2022 ਹੀ ਹੋਵੇਗੀ।
ਅੰਤ ਵਿਚ ਪ੍ਰੀਖਿਆ ਲਈ ਨਿਰਧਾਰਤ ਫ਼ੀਸ ਤੋਂ ਇਲਾਵਾ ਪ੍ਰਤੀ ਪ੍ਰੀਖਿਆਰਥੀ 2000 ਰੁਪਏ ਲੇਟ ਫ਼ੀਸ ਨਾਲ ਆਫ਼-ਲਾਈਨ ਫ਼ੀਸ ਲਈ ਬੈਂਕ ਚਲਾਨ 05 ਨਵੰਬਰ 2022 ਤੋਂ 14 ਨਵੰਬਰ 2022 ਤੱਕ ਜੇਨਰੇਟ ਕਰਵਾਏ ਜਾ ਸਕਣਗੇ। ਉਪਰੰਤ 24 ਨਵੰਬਰ 2022 ਤਕ ਆਫ਼-ਲਾਈਨ ਫ਼ੀਸ ਚਲਾਨ ਰਾਹੀਂ ਬੈਂਕ ਵਿਚ ਜਮ੍ਹਾਂ ਕਰਵਾਈ ਜਾ ਸਕੇਗੀ। ਆਨ-ਲਾਈਨ ਗੇਟ-ਵੇਅ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਵਾਲੇ ਪ੍ਰੀਖਿਆਰਥੀਆਂ ਲਈ ਵੀ ਫ਼ੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵੀ 24 ਨਵੰਬਰ 2022 ਨਿਰਧਾਰਤ ਕੀਤੀ ਗਈ ਹੈ।
ਕੰਟਰੋਲਰ ਪ੍ਰੀਖਿਆਵਾਂ ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਪ੍ਰੀਖਿਆ ਫ਼ਾਰਮ ਭਰਨ ਅਤੇ ਫ਼ੀਸ ਜਮ੍ਹਾਂ ਕਰਵਾਉਣ ਸਬੰਧੀ ਹਦਾਇਤਾਂ ਸਕੂਲਾਂ ਦੀ ਲਾਗ-ਇਨ ਆਈਡੀ ’ਤੇ ਉਪਲੱਬਧ ਹੋਣਗੀਆਂ। ਪ੍ਰੀਖਿਆ ਫ਼ੀਸ ਆਫ਼ ਲਾਈਨ ਬੈਂਕ ਚਲਾਨ ਰਾਹੀਂ ਅਤੇ ਆਨ-ਲਾਈਨ ਗੇਟ-ਵੇਅ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈਂਟ ਬੈਂਕਿੰਗ ਰਾਹੀਂ ਹੀ ਜਮ੍ਹਾਂ ਕਰਵਾਈ ਜਾ ਸਕਦੀ ਹੈ।
ਆਫ਼ ਲਾਈਨ ਬੈੱਕ ਚਲਾਨ ਜੇਨਰੇਟ ਕਰਨ ਦੀ ਆਖ਼ਰੀ ਮਿਤੀ ਤੋਂ ਬਾਅਦ ਮੁਡ਼ ਚਲਾਨ ਜੇਨਰੇਟ ਨਹੀਂ ਕੀਤਾ ਜਾ ਸਕੇਗਾ ਅਤੇ ਇਸ ਸਮੇਂ ਦੌਰਾਨ ਕੇਵਲ ਆਨ-ਲਾਈਨ ਗੇਟ-ਵੇਅ ਰਾਹੀਂ ਹੀ ਫ਼ੀਸ ਜਮ੍ਹਾਂ ਹੋ ਸਕੇਗੀ। ਓਪਨ ਸਕੂਲ ਪ੍ਰਣਾਲੀ ਨਾਲ ਸਬੰਧਤ ਪ੍ਰੀਖਿਆ ਫ਼ਾਰਮ ਪਰੀਖਿਆ ਫ਼ੀਸ ਜਮ੍ਹਾਂ ਹੋਣ ਦੀ ਮਿਤੀ ਤੋਂ 10 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਪੱਧਰ ’ਤੇ ਸਥਿਤ ਖ਼ੇਤਰੀ ਦਫ਼ਤਰਾਂ ਜਾਂ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ। PJ