- ਓ. ਡੀ. ਐੱਲ ਅਤੇ 180 ਈ.ਟੀ.ਟੀ. ਅਧਿਆਪਕਾਂ ਦਾ ਮਸਲਾ ਹੱਲ ਨਾ ਹੋਣ ਤੇ ਭੜਕੇ ਅਧਿਆਪਕ
- ਅਰਵਿੰਦ ਕੇਜਰੀਵਾਲ ਦੁਆਰਾ ਅਧਿਆਪਕਾਂ ਨੂੰ ਗੁੰਡੇ ਕਹਿਣ ਤੇ ਸਿੱਖਿਆ ਮੰਤਰੀ ਦਾ ਤਾੜੀ ਮਾਰਨਾ ਸ਼ਰਮਨਾਕ
- ਬਿਨ੍ਹਾਂ ਮਸਲੇ ਹੱਲ ਕੀਤੇ ਧਰਨਾ ਮੁਕਤ ਨਹੀਂ ਹੋਵੇਗਾ ਸਿੱਖਿਆ ਵਿਭਾਗ: ਅਧਿਆਪਕ ਆਗੂ
- ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੇ ਸਹਿਯੋਗੀ ਜਥੇਬੰਦੀਆਂ ਨੂੰ ਡਰਾ ਨਾ ਸਕੀ ਸਿੱਖਿਆ ਮੰਤਰੀ ਦੀ ਚੇਤਾਵਨੀ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਓ.ਡੀ.ਐੱਲ. ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਅਤੇ 180 ਈ.ਟੀ.ਟੀ. ਅਧਿਆਪਕਾਂ ਉੱਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ ਸਮੇਤ ਮੂਲ ਭਰਤੀ (4500) ਦੇ ਸਾਰੇ ਲਾਭ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ, ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੇ ਪਿੰਡ ਗੰਭੀਰਪੁਰ ਨੇੜੇ ਵਿਸ਼ਾਲ ਸੂਬਾ ਪੱਧਰੀ ਰੈਲੀ ਕਰਕੇ ਉਹਨਾਂ ਦੇ ਪਿੰਡ ਵੱਲ ਰੋਸ ਮਾਰਚ ਕੀਤਾ ਗਿਆ।
ਇਸ ਮੌਕੇ ਹਜ਼ਾਰਾਂ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਆਗੂਆਂ ਮੁਕੇਸ਼ ਕੁਮਾਰ, ਹਰਦੀਪ ਟੋਡਰਪੁਰ, ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਦੇ ਸੂਬਾ ਆਗੂਆਂ ਕਮਲ ਠਾਕੁਰ, ਰਾਕੇਸ਼ ਗੁਰਦਾਸਪੁਰ ਅਤੇ ਓ.ਡੀ.ਐੱਲ ਅਧਿਆਪਕ ਯੂਨੀਅਨ ਦੇ ਬਲਜਿੰਦਰ ਗਰੇਵਾਲ, ਲਵਦੀਪ ਰੌਕੀ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਕੰਮ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸੋਲਨ ਵਿਖੇ ਆਪਣੀਆਂ ਮੰਗਾਂ ਲੈ ਕੇ ਪੁੱਜੇ ਪੰਜਾਬ ਦੇ ਅਧਿਆਪਕਾਂ ਨੂੰ ਭਾੜੇ ਦੇ ਗੁੰਡੇ ਕਹਿਣਾ, ਪੰਜਾਬ ਦੇ ਸਿੱਖਿਆ ਹਰਜੋਤ ਸਿੰਘ ਬੈੰਸ ਦਾ ਇਸ ਗੱਲ ਤੇ ਤਾੜੀਆਂ ਵਜਾਉਣਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਅਧਿਆਪਕਾਂ ਨਾਲ ਕੁੱਟਮਾਰ ਕਰਨ ਸਾਬਿਤ ਕਰਦਾ ਹੈ ਕਿ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰਜ਼ ਤੇ ਤਾਨਾਸ਼ਾਹੀ ਢੰਗ ਨਾਲ ਕੰਮ ਕਰ ਰਹੀ ਹੈ।
ਅਧਿਆਪਕ ਆਗੂਆਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲ, ਜਸਵਿੰਦਰ ਸਿੱਧੂ, ਸੋਹਣ ਸਿੰਘ, ਦੀਪਕ ਕੰਬੋਜ, ਜਤਿੰਦਰ ਸਿੰਘ, ਅਵਤਾਰ ਸਿੰਘ ਖਾਲਸਾ ਅਤੇ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ 7654, 3442 ਅਤੇ 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕ ਤਿੰਨ ਸਾਲ ਦੀ ਠੇਕਾ ਅਧਾਰਿਤ ਨੌਕਰੀ ਪੂਰੀ ਹੋਣ ਉਪਰੰਤ ਇਸ਼ਤਿਹਾਰ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਤਹਿਤ ਰੈਗੂਲਰ ਹੋ ਚੁੱਕੇ ਹਨ, ਪੰਤੂ 125 ਦੇ ਕਰੀਬ ਓਪਨ ਡਿਸਟੈਂਸ ਲਰਨਿੰਗ (ODL) ਨੂੰ ਅੱਜ ਤੱਕ ਰੈਗੁਲਰ ਨਹੀਂ ਕੀਤਾ ਗਿਆ।
ਜਦੋੰਕਿ ਇਨ੍ਹਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਈ ਭਰਤੀਆਂ ਦੇ ਹਜ਼ਾਰਾਂ ਓ.ਡੀ.ਐੱਲ. ਅਧਿਆਪਕ ਰੈਗੂਲਰ ਅਤੇ ਪ੍ਰਮੋਟ ਵੀ ਕੀਤੇ ਗਏ ਹਨ। ਇਸੇ ਤਰ੍ਹਾਂ ਸਿੱਖਿਆ ਵਿਭਾਗ ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ ਨਵੇਂ ਸਿਰੇ ਤੋਂ ਪਰਖ ਸਮਾਂ ਲਾਗੂ ਕਰਕੇ ਨਵੇਂ ਤਨਖ਼ਾਹ ਸਕੇਲ ਲਾਗੂ ਕਰਕੇ ਤਨਖਾਹ ਘਟਾ ਦਿੱਤੀ ਗਈ ਹੈ।
ਅਧਿਆਪਕ ਆਗੂਆਂ ਜਗਪਾਲ ਬੰਗੀ, ਪਵਨ ਮੁਕਤਸਰ, ਕੁਲਵਿੰਦਰ ਜੋਸ਼ਨ, ਹਰਜਿੰਦਰ ਗੁਰਦਾਸਪੁਰ, ਨਛੱਤਰ ਸਿੰਘ ਤਰਨਤਾਰਨ, ਹਰਬੰਸ ਸਿੰਘ, ਜਤਿੰਦਰ ਸਿੰਘ, ਮੁਕੇਸ਼ ਮਾਨਸਾ, ਹਰਪ੍ਰੀਤ ਸਿੰਘ, ਇਕਬਾਲ ਮੁਹੰਮਦ, ਗੁਰਸਾਹਿਬ ਸਿੰਘ ਅਤੇ ਗੌਰਵ ਸ਼ਰਮਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਓ.ਡੀ.ਐੱਲ. ਅਤੇ 180 ਈ.ਟੀ.ਟੀ. ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਹੱਲ ਕਰਨ ਜਾਂ ਫਿਰ ਹੋਰ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਇਸ ਮੌਕੇ ਸੰਘਰਸ਼ ਦੀ ਹਮਾਇਤ ਵਿੱਚ ਪੁੱਜੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਰਣਵੀਰ ਰੰਧਾਵਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਮਲਾਗਰ ਸਿੰਘ ਖਮਾਣੋ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਅਤਿੰਦਰ ਘੱਗਾ, ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੇ ਮਮਤਾ ਸ਼ਰਮਾ, 7654 ਦੇ ਦਲਜੀਤ ਸਿੰਘ ਭਾਂਖਰ ਤੋਂ ਇਲਾਵਾ ਸੁਖਦੇਵ ਡਾਂਸੀਵਾਲ, ਮਹਿੰਦਰ ਕੋੜਿਆਂਵਾਲੀ, ਜਸਵਿੰਦਰ ਔਜਲਾ, ਤੇਜਿੰਦਰ ਕਪੂਰਥਲਾ, ਗਿਆਨ ਚੰਦ, ਪਰਮਿੰਦਰ ਮਾਨਸਾ, ਪ੍ਰਿੰਸੀਪਲ ਲਖਵਿੰਦਰ ਸਿੰਘ, ਹਰਵਿੰਦਰ ਅੱਲੂਵਾਲ, ਗੁਰਬਿੰਦਰ ਖਹਿਰਾ, ਕੇਵਲ ਸਿੰਘ, ਪ੍ਰਤਾਪ ਸਿੰਘ, ਮੁਲਖ ਰਾਜ, ਗੁਰਮੁੱਖ ਸਿੰਘ, ਚਮਕੌਰ ਸਿੰਘ, ਗੁਰਪ੍ਰੀਤ ਸਿੱਧੂ, ਆਸ਼ੀਸ਼ ਜੈਤੋਂ, ਪਰਦੀਪ ਮਾਨ, ਸਨੋਜ ਯਾਦਵ, ਲਖਵਿੰਦਰ ਚੀਮਾ ਆਦਿ ਨੇ ਵੀ ਸੰਬੋਧਨ ਕੀਤਾ।