ਵੱਡੀ ਖ਼ਬਰ: ਵਿਜੀਲੈਂਸ ਵਲੋਂ ਪੰਜਾਬ ਰੋਡਵੇਜ਼ ਦੇ 2 ਇੰਸਪੈਕਟਰ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

460

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਸ਼ਨੀਵਾਰ ਨੂੰ ਪੰਜਾਬ ਰੋਡਵੇਜ਼ ਦੇ ਦੋ ਸੇਵਾਮੁਕਤ ਇੰਸਪੈਕਟਰਾਂ ਨੂੰ ਰਿਸ਼ਵਤ ਦੇ ਬਦਲੇ ਪ੍ਰਾਈਵੇਟ ਬੱਸਾਂ ਵਿੱਚ ਸਰਕਾਰੀ ਬੱਸਾਂ ਦੇ ਰਵਾਨਗੀ ਦੇ ਸਮੇਂ ਵਿੱਚ ਤਬਦੀਲੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਦੋਵੇਂ ਮੁਲਜ਼ਮ ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ ਦਰਜ ਹੋਏ ਕੇਸ ਵਿੱਚ ਭਗੌੜੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਦੋ ਸੇਵਾਮੁਕਤ ਇੰਸਪੈਕਟਰਾਂ ‘ਤੇ ਪ੍ਰਾਈਵੇਟ ਬੱਸਾਂ ਦੇ ਹੱਕ ਵਿੱਚ ਬੱਸ ਸਟੈਂਡ ਤੋਂ ਸਰਕਾਰੀ ਬੱਸਾਂ ਦੇ ਚੱਲਣ ਦਾ ਸਮਾਂ ਬਦਲ ਕੇ ਰੋਜ਼ਾਨਾ/ਮਹੀਨਾਵਾਰ ਰਿਸ਼ਵਤ ਇਕੱਠੀ ਕਰਨ ਦੇ ਦੋਸ਼ ਲੱਗੇ ਹਨ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਨੇ ਐਫਆਈਆਰ ਨੰਬਰ 5 ਮਿਤੀ 30-04-2021 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 120-ਬੀ ਦੇ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੰਜਾਬ ਰੋਡਵੇਜ਼ ਡਿਪੂ ਅੰਮ੍ਰਿਤਸਰ-2 ਦੇ ਸੇਵਾਮੁਕਤ ਇੰਸਪੈਕਟਰ ਰਾਜ ਕੁਮਾਰ ਰਾਜੂ ਵਾਸੀ ਪਿੰਡ ਫੁੱਲੜਾ ਜ਼ਿਲ੍ਹਾ ਪਠਾਨਕੋਟ ਅਤੇ ਤਰਸੇਮ ਸਿੰਘ ਸੇਵਾਮੁਕਤ ਇੰਸਪੈਕਟਰ ਪੰਜਾਬ ਰੋਡਵੇਜ਼ ਡਿਪੂ ਜਲੰਧਰ-1 ਵਾਸੀ ਪਿੰਡ ਚੱਕਖੇਲਾਂ ਸ਼ਾਮਲ ਹਨ।

ਉਕਤ ਦੋਵੇਂ ਮੁਲਜ਼ਮਾਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਉਕਤ ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।

 

LEAVE A REPLY

Please enter your comment!
Please enter your name here