ਵੱਡੀ ਖ਼ਬਰ: ਵਿਜੀਲੈਂਸ ਵਲੋਂ ਸਹਿਕਾਰੀ ਸਭਾ ‘ਚ ਕਰੋੜਾਂ ਰੁਪਏ ਦਾ ਘਪਲਾ ਕਰਨ ਵਾਲਾ ਗ੍ਰਿਫਤਾਰ

532

 

  • ਸਹਿਕਾਰੀ ਸਭਾ ਕਜਲਾ ‘ਚ ਗਬਨ ਕਰਨ ਵਾਲਾ ਫਰਾਰ ਮੁਲਜ਼ਮ ਵਿਜੀਲੈਂਸ ਬਿਉਰੋ ਵੱਲੋਂ ਕਾਬੂ

ਚੰਡੀਗੜ੍ਹ

ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਕਜਲਾ ਬਹੁਮੰਤਵੀ ਸਹਿਕਾਰੀ ਸਭਾ ਲਿਮਟਿਡ ਪਿੰਡ ਕਜਲਾ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸੋਸਾਇਟੀ ਦੇ ਕਰਮਚਾਰੀਆਂ ਵੱਲੋਂ ਮਿਲੀਭੁਗਤ ਰਾਹੀਂ ਕੁੱਲ 4,24,02,561 ਰੁਪਏ ਦੇ ਕੀਤੇ ਗਏ ਗਬਨ ਸਬੰਧੀ ਦਰਜ ਮੁਕੱਦਮੇ ਵਿੱਚ ਇਸ ਬਹੁ-ਕਰੋੜੀ ਘੁਟਾਲੇ ਦੇ ਫਰਾਰ ਮੁਲਜਮ ਰਾਮ ਪਾਲ, ਸਾਬਕਾ ਮੈਂਬਰ, ਵਾਸੀ ਪੱਦੀ ਮੱਟਵਾਲੀ, ਥਾਣਾ ਬੰਗਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਹਿਕਾਰੀ ਸੋਸਾਇਟੀ ਵਿੱਚ ਕਰੀਬ 1220 ਖਾਤਾ ਧਾਰਕ/ਮੈਂਬਰ ਹਨ ਅਤੇ 2 ਟਰੈਕਟਰ ਸਮੇਤ ਵੱਡੀ ਮਾਤਰਾ ਵਿੱਚ ਵਾਹੀਯੋਗ ਜ਼ਮੀਨ ਲਈ ਖੇਤੀਬਾੜੀ ਦੇ ਸੰਦ ਵੀ ਹਨ।

ਉਕਤ ਸੁਸਾਇਟੀ ਵੱਲੋਂ ਮੈਂਬਰਾਂ ਨੂੰ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਆਦਿ ਵੀ ਵੇਚੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਸੁਸਾਇਟੀ ਵਿੱਚ 2 ਕਰਮਚਾਰੀ ਵੀ ਤਨਖਾਹ ਉਤੇ ਕੰਮ ਕਰਦੇ ਹਨ। ਪਿੰਡ ਦੇ ਲੋਕਾਂ ਵੱਲੋਂ ਉਕਤ ਸਭਾ ਵਿੱਚ ਕਰੋੜਾਂ ਰੁਪਏ ਦੀਆਂ ਐਫ.ਡੀ.ਆਰਜ਼ ਜਮਾਂ ਕਰਵਾਈਆਂ ਗਈਆਂ ਹਨ।

ਵਿਭਾਗ ਦੀ ਤਕਨੀਕੀ ਟੀਮ ਵੱਲੋਂ ਇਸ ਸੁਸਾਇਟੀ ਦੀ ਅਚਨਚੇਤ ਚੈਕਿੰਗ ਦੌਰਾਨ ਸਭਾ ਦਾ ਆਡਿਟ ਕੀਤਾ ਗਿਆ ਅਤੇ ਤਿਆਰ ਕੀਤੀ ਗਈ ਰਿਪੋਰਟ ਤੋਂ ਪਾਇਆ ਗਿਆ ਇਸ ਸੋਸਾਇਟੀ ਵਿੱਚ ਸਾਲ 2012-13 ਤੋਂ ਲੈ ਕੇ ਸਾਲ 2017-18 ਤੱਕ ਸਭਾ ਦੇ ਮੈਂਬਰਾਂ ਵੱਲੋਂ ਲਏ ਕਰਜ਼ੇ ਅਤੇ ਮੈਂਬਰਾਂ ਦੀਆਂ ਅਮਾਨਤਾਂ ਵਿੱਚ 4,24,02,561 ਰੁਪਏ ਦਾ ਗਬਨ ਕੀਤਾ ਗਿਆ ਸੀ।

ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਵੱਲੋਂ ਉਕਤ ਸੁਸਾਇਟੀ ਦੇ 7 ਕਰਮਚਾਰੀਆਂ ਵਿਰੁੱਧ ਮੁਕੱਦਮਾ ਨੰਬਰ 16 ਮਿਤੀ 05.09.2022 ਨੂੰ ਆਈ.ਪੀ.ਸੀ. ਦੀ ਧਾਰਾ 408, 420, 465, 467, 468, 477-ਏ, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਏ, 13 (2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਦਰਜ ਕੀਤਾ ਗਿਆ ਸੀ।

ਜਿਨਾਂ ਵਿਚੋਂ ਤਿੰਨ ਦੋਸ਼ੀਆਂ ਸਾਬਕਾ ਸਕੱਤਰ ਪ੍ਰੇਮ ਸਿੰਘ, ਸਕੱਤਰ (ਮੁਅੱਤਲੀ ਅਧੀਨ) ਭੁਪਿੰਦਰ ਸਿੰਘ, ਹਰਜੀਤ ਸਿੰਘ ਸਾਬਕਾ ਮੈਂਬਰ (ਸਾਰੇ ਵਾਸੀ ਪਿੰਡ ਕਜਲਾ) ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਬਾਕੀ ਫਰਾਰ ਚੱਲ ਰਹੇ 4 ਮੁਲਜਮਾਂ ਵਿਚੋਂ ਸਾਬਕਾ ਮੈਂਬਰ ਰਾਮ ਪਾਲ ਨੂੰ ਵੀ ਬਿਉਰੋ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਬਾਕੀ ਦੇ ਫਰਾਰ ਚੱਲ ਰਹੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੰਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

 

 

LEAVE A REPLY

Please enter your comment!
Please enter your name here