ਪੰਜਾਬ ਨੈੱਟਵਰਕ, ਚੰਡੀਗੜ੍ਹ-
ਮਨਪ੍ਰੀਤ ਨੂੰ ਵਿਰੋਧੀ ਧਿਰਾਂ ਗਾਲਿਬ ਵੀ ਕਹਿੰਦੀਆਂ ਆਈਆਂ ਨੇ। ਇੱਕ ਵਿਰੋਧੀ ਨੇ ਤਾਂ ਅੱਜ ਇਹ ਵੀ ਕਹਿ ਮਾਰਿਆ ਕਿ, ਪੰਜਾਬ ਦਾ ਨਕਲੀ ਗ਼ਾਲਿਬ ਕਿੱਥੇ ਲੁੱਕ ਗਿਆ? ਦੱਸ ਦਈਏ ਕਿ, 24 ਸਤੰਬਰ ਨੂੰ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ 6 ਹੋਰ ਲੋਕਾਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਕਰੀਬ 10-11 ਦਿਨ ਮੁਕੱਦਮਾ ਦਰਜ ਹੋਣ ਤੋਂ ਬਾਅਦ ਵੀ ਵਿਜੀਲੈਂਸ ਹੱਥ ਮਨਪ੍ਰੀਤ ਬਾਦਲ ਨਹੀਂ ਲੱਗਿਆ। ਮਨਪ੍ਰੀਤ ਬਾਦਲ ਖਿਲਾਫ਼ ਗ੍ਰਿਫਤਾਰੀ ਵਰੰਟ ਵੀ ਜਾਰੀ ਹੋ ਚੁੱਕੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਹੈ।
ਗ੍ਰਿਫ਼ਤਾਰੀ ਡਰੋਂ ਰੂਪਪੋਸ਼ ਹੋਏ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਨੇ ਤੰਜ ਕੱਸਿਆ ਹੈ। ਦੀਪਕ ਬਾਲੀ ਨੇ ਕਿਹਾ ਹੈ ਕਿ ਦਲੇਰਾਨਾ ਤਬੀਅਤ ਦੇ ਮਾਲਕ ਈਮਾਨਦਾਰੀ ਤੇ ਸਾਦਗੀ ਦੇ ਫਰਜ਼ੀ ਮੁਜੱਸਮੇ ਅਤੇ ਪੰਜਾਬ ਦੇ ਨਕਲੀ ਗ਼ਾਲਿਬ ਮਨਪ੍ਰੀਤ ਸਿੰਘ ਬਾਦਲ ਕਿੱਥੇ ਲੁਕੇ ਹਨ?
ਗ੍ਰਿਫ਼ਤਾਰੀ ਡਰੋਂ ਅੰਡਰਗਰਾਊਂਡ ਹੋਏ ਮਨਪ੍ਰੀਤ ਬਾਦਲ ਨੂੰ ਸਵਾਲ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਹੁਣ ਉਹ ਦਲੇਰੀ ਕਿੱਥੇ ਗਈ ਹੈ ਜਿਹੜੀ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿਚ ਦਿਖਾਈ ਸੀ।
ਦੱਸਣਯੋਗ ਹੈ ਕਿ ਹਫ਼ਤਾ ਬੀਤ ਜਾਣ ’ਤੇ ਵੀ ਸਰਕਾਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕੋਈ ਸੁਰਾਗ ਨਹੀਂ ਲੱਗਾ ਹੈ, ਜਿਸ ਖ਼ਿਲਾਫ਼ ਵਿਜੀਲੈਂਸ ਨੇ 24 ਸਤੰਬਰ ਨੂੰ ਮਾਮਲਾ ਦਰਜ ਕੀਤਾ ਸੀ।
ਇਥੇ ਜਿਕਰ ਕਰਨਾ ਬਣਦਾ ਹੈ ਕਿ, ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਬਠਿੰਡਾ ਦੇ ਮਾਡਲ ਟਾਊਨ ’ਚ ਬੀ. ਡੀ. ਏ. ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਕ ਵਪਾਰਕ ਪਲਾਟ ਨੂੰ ਰਿਹਾਇਸ਼ੀ ਪਲਾਟ ’ਚ ਤਬਦੀਲ ਕਰਨ ਦੇ ਮਾਮਲੇ ‘ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਇਕ ਪੀ. ਸੀ. ਐੱਸ. ਅਧਿਕਾਰੀ ਸਮੇਤ 6 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।