ਸਰਬ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪ੍ਰਧਾਨ ਮੈਡਮ ਛੀਨਾ ਦਾ ਵੱਡਾ ਐਲਾਨ; ਭਲਕੇ ਕੇਂਦਰੀ ਮੰਤਰੀ ਅਨਪੂਰਨਾ ਦੇਵੀ ਨੂੰ ਭੇਜੇ ਜਾਣਗੇ ਮੰਗ ਪੱਤਰ
ਪੰਜਾਬ ਨੈੱਟਵਰਕ, ਅੰਮ੍ਰਿਤਸਰ –
ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਕੱਲ੍ਹ ਮਿਤੀ 20 ਜਨਵਰੀ ਨੂੰ ਕੇਂਦਰੀ ਮੰਤਰੀ ਸ਼੍ਰੀਮਤੀ ਅਨਪੂਰਨਾ ਦੇਵੀ ਨੂੰ ਮੰਗ ਪੱਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਾਹੀਂ ਭੇਜੇ ਜਾਣਗੇ। ਬਲਾਕ ਪ੍ਰਧਾਨਾਂ ਅਤੇ ਜ਼ਿਲਾ ਪ੍ਰਧਾਨਾਂ ਵੱਲੋਂ ਈ ਮੇਲ ਅਤੇ ਸਪੀਡ ਪੋਸਟ ਰਾਹੀਂ ਵੀ ਮੰਗ ਪੱਤਰ ਭੇਜੇ ਜਾਣਗੇ।
ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਊਨਤਮ ਵੇਜਸ ਦੇ ਆਧਾਰ ਤੇ ਵੇਤਨਮਾਨ ਦਿੱਤਾ ਜਾਵੇ। ਵਰਕਰ ਤੇ ਹੈਲਪਰ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ ਜਿਵੇਂ ਕਿ ਗੁਜਰਾਤ ਹਾਈਕੋਰਟ ਨੇ ਪਿਛਲੇ ਦਿਨੀ 2024 ਵਿੱਚ ਫੈਸਲਾ ਦਿੱਤਾ ਸੀ ਕਿ ਆਗਣਵਾੜੀ ਵਰਕਰ ਤੇ ਹੈਲਪਰ ਨੂੰ ਸਰਕਾਰੀ ਕਰਮਚਾਰੀ ਮੰਨਿਆ ਜਾਵੇ ਤੇ ਇਸ ਫੈਸਲੇ ਨੂੰ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਜਾਵੇ।
2022 ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਕੇ ਵਰਕਰ ਅਤੇ ਹੈਲਪਰ ਲਈ ਗ੍ਰੈਚੂਟੀ ਦਾ ਪ੍ਰਬੰਧ ਕੀਤਾ ਜਾਵੇ। ਇਕ ਸਰਕਾਰੀ ਮੁਲਾਜ਼ਮ ਦੀ ਤਰ੍ਹਾਂ ਟੀ ਏ,ਡੀ ਏ ਪੈਨਸ਼ਨ ਦਾ ਪ੍ਰਬੰਧ ਕਰਕੇ ਸਾਰੇ ਸਰਕਾਰੀ ਲਾਭ ਦਿੱਤੇ ਜਾਣ। ਜਿੰਨੀ ਦੇਰ ਤੱਕ ਇਹ ਸੰਭਵ ਨਹੀਂ ਹੋ ਸਕਦਾ ਉਹਨੀ ਦੇਰ ਤੱਕ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਨਭੱਤੇ ਵਿੱਚ ਮਹਿੰਗਾਈ ਅਨੁਸਾਰ ਢੁਕਵਾਂ ਵਾਧਾ ਕੀਤਾ ਜਾਵੇ, ਜੋ ਕਿ 2018 ਵਿੱਚ 1500 ਦਾ ਵਾਦਾ ਕਰਨ ਤੋਂ ਬਾਅਦ ਹੁਣ ਤੱਕ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ।
ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਕਿਹਾ ਕਿ ਭਲਕੇ ਸਾਰੇ ਪੰਜਾਬ ਵਿੱਚ ਹਰ ਜਿਲੇ ਵਿੱਚ ਜਿਲਾ ਪ੍ਰੋਗਰਾਮ ਅਫਸਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ ਇਹ ਮੰਗ ਪੱਤਰ ਸੌਂਪੇ ਜਾਣਗੇ।