ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਡੀ.ਟੀ.ਐੱਫ. ਨੂੰ ਅੱਠਵੀਂ ਦੀ ਬੋਰਡ ਪ੍ਰੀਖਿਆ ਲਈ ਹਾਰਡ ਕਾਪੀ ਮੋਹਾਲੀ ਮੰਗਵਾਉਣ ਦਾ ਫੈਸਲਾ ਤਬਦੀਲ ਕਰਨ ਦਾ ਭਰੋਸਾ
ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਡੀ.ਟੀ.ਐੱਫ. ਨੂੰ ਅੱਠਵੀਂ ਦੀ ਬੋਰਡ ਪ੍ਰੀਖਿਆ ਲਈ ਹਾਰਡ ਕਾਪੀ ਮੋਹਾਲੀ ਮੰਗਵਾਉਣ ਦਾ ਫੈਸਲਾ ਤਬਦੀਲ ਕਰਨ ਦਾ ਭਰੋਸਾ
ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਦਰਪੇਸ਼ ਆਰਥਿਕ ਤੇ ਮਾਨਸਿਕ ਸਮੱਸਿਆ ਹੱਲ ਲਈ ਡੀਟੀਐੱਫ ਯਤਨਸ਼ੀਲ-ਵਿਕਰਮ ਦੇਵ ਸਿੰਘ
ਪੰਜਾਬ ਨੈੱਟਵਰਕ, ਮੋਹਾਲੀ
ਅੱਠਵੀਂ ਜਮਾਤ ਦੀ ਫਰਵਰੀ-ਮਾਰਚ 2025 ਦੀ ਬੋਰਡ ਪ੍ਰੀਖਿਆ ਲਈ ਰਜਿਸਟਰੇਸ਼ਨ ਨੰਬਰ ਵਿੱਚ ਸੋਧ ਦੇ ਮਾਮਲੇ ਵਿੱਚ ਮੁੱਖ ਦਫ਼ਤਰ ਮੰਗਵਾਈ ਜਾ ਰਹੀ ਹਾਰਡ ਕਾਪੀ ਕਾਰਨ ਹਜ਼ਾਰਾਂ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਦਰਪੇਸ਼ ਆਰਥਿਕ ਤੇ ਮਾਨਸਿਕ ਸਮੱਸਿਆ ਦੇ ਵਿਰੋਧ ਵਜੋਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਇਸ ਮਾਮਲੇ ਨੂੰ ਵੱਡੇ ਪੱਧਰ ‘ਤੇ ਮੀਡੀਆ ਰਾਹੀਂ ਉਭਾਰਿਆ ਗਿਆ। ਇਸ ਦੇ ਸੰਦਰਭ ਵਿੱਚ ਅੱਜ ਡੀ.ਟੀ.ਐੱਫ. ਦੇ ਵਫਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਸ੍ਰੀਮਤੀ ਪਰਲੀਨ ਕੌਰ ਬਰਾੜ ਨਾਲ ਮੁਲਾਕਾਤ ਕਰਕੇ ਇਸ ਬਾਰੇ ਮੰਗ ਪੱਤਰ ਸੌਂਪਿਆ ਗਿਆ।
ਸਕੱਤਰ ਸਿੱਖਿਆ ਬੋਰਡ ਵੱਲੋਂ ਇਸ ਸੰਬੰਧੀ ਫੌਰੀ ਕਾਰਵਾਈ ਕਰਦਿਆਂ ਬੋਰਡ ਦੇ ਅਧਿਕਾਰੀਆਂ ਨੂੰ ਹਾਰਡ ਕਾਪੀ ਮੋਹਾਲੀ ਮੰਗਵਾਉਣ ਦੀ ਥਾਂ ਆਨ ਲਾਈਨ ਸੋਧ ਪ੍ਰਫੋਰਮਾ ਜਨਰੇਟ ਕਰਕੇ ਉਸ ਦੀ ਇੱਕ ਕਾਪੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ 31 ਜਨਵਰੀ 2025 ਤੱਕ ਬਿਨਾਂ ਕਿਸੇ ਫੀਸ ਈਮੇਲ ਕਰਨ ਦੀ ਆਪਸ਼ਨ ਦੇਣ ਦੀ ਹਦਾਇਤ ਕੀਤੀ ਗਈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸਿੱਖਿਆ ਬੋਰਡ ਵੱਲੋਂ ਇਸ ਤਬਦੀਲੀ ਸੰਬੰਧੀ ਨੋਟਿਸ ਸਕੂਲਾਂ ਦੀ ਬੋਰਡ ਦੀ ਆਈ.ਡੀ. ‘ਤੇ ਅੱਜ ਹੀ ਪਾ ਦਿੱਤਾ ਜਾਵੇਗਾ।