All Latest NewsNews FlashPunjab News

ਸਿੱਖਿਆ ਵਿਭਾਗ ਸਕੂਲ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਬਿਨਾਂ ਸ਼ਰਤ ਬਹਾਲ ਕਰੇ: ਡਾਇਰੈਕਟਰ ਨੂੰ ਮਿਲਿਆ ਡੀਟੀਐੱਫ ਦਾ ਵਫਦ

 

 

ਪ੍ਰਿੰਸੀਪਲ ਦੀ ਬਹਾਲੀ ਲਈ ਡੀਟੀਐੱਫ ਦੇ ਵਫ਼ਦ ਨੇ ਸਿੱਖਿਆ ਸਕੱਤਰ ਦੇ ਡਾਇਰੈਕਟਰ ਨੂੰ ਦਿੱਤਾ ਮੰਗ ਪੱਤਰ

ਦਲਜੀਤ ਕੌਰ/ਪੰਜਾਬ ਨੈੱਟਵਰਕ, ਚੰਡੀਗੜ੍ਹ

ਗੌਤਮ ਖੁਰਾਣਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਜਲਾਲਾਬਾਦ (ਪੱ) ਫਾਜ਼ਿਲਕਾ ਵਿਰੁੱਧ ਸਿੰਗਾਪੁਰ ਟ੍ਰੇਨਿੰਗ ਦੌਰਾਨ ਟੂਰ ਗਾਈਡ ਨਾਲ ਦੁਰਵਿਵਹਾਰ ਕਰਨ ਦੇ ਵਾਰ ਦੋਸ਼ ਹੇਠ ਮੁਅੱਤਲ ਕੀਤਾ ਗਿਆ ਹੈ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਡੀ ਟੀ ਐੱਫ ਨੂੰ ਪ੍ਰਿੰਸੀਪਲ ਗੌਤਮ ਖੁਰਾਣਾ ਅਤੇ ਉਹਨਾਂ ਨਾਲ ਗਏ ਪ੍ਰਿੰਸੀਪਲ ਸਾਹਿਬਾਨ ਜੋ ਉਸ ਸਮੇਂ ਉਹਨਾਂ ਦੇ ਨਾਲ ਹਾਜ਼ਰ ਸਨ, ਤੋਂ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਉਕਤ ਘਟਨਾ ਦੌਰਾਨ ਉਨ੍ਹਾਂ ਵੱਲੋਂ ਕੇਵਲ ਤਰਕ ਅਧਾਰਿਤ ਆਪਣੀ ਗੱਲਬਾਤ ਰੱਖੀ ਗਈ ਸੀ ਅਤੇ ਕਿਸੇ ਤਰ੍ਹਾਂ ਦਾ ਦੁਰ ਵਿਵਹਾਰ ਨਹੀਂ ਕੀਤਾ ਗਿਆ ਸੀ।

ਇਸ ਸਬੰਧੀ ਪ੍ਰਿੰਸੀਪਲ ਗੌਤਮ ਖੁਰਾਣਾ ਵੱਲੋਂ ਆਪਣਾ ਲਿਖਤੀ ਪੱਖ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਦੇ ਸਾਹਮਣੇ ਵੀ ਰੱਖਿਆ ਜਾ ਚੁੱਕਾ ਹੈ ਅਤੇ ਮਿਤੀ 13-05-2025 ਉਨ੍ਹਾਂ ਵੱਲੋਂ ਦਿੱਤੇ ਜਵਾਬ ਨੂੰ ਦਫਤਰ ਦਖ਼ਲ ਕੀਤਾ ਜਾ ਚੁੱਕਿਆ ਹੈ।

ਇਸ ਸਬੰਧੀ ਉਹਨਾਂ ਨੂੰ ਨੋਟਿਸ ਦਿੱਤਾ ਜਾ ਚੁੱਕਾ ਹੈ। ਪ੍ਰੰਤੂ ਸਕੱਤਰ ਸਿੱਖਿਆ ਵਿਭਾਗ ਪੰਜਾਬ ਦੇ ਨਵੇਂ ਹੁਕਮਾਂ ਅਨੁਸਾਰ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਇੱਕ ਪਾਸੜ ਢੰਗ ਨਾਲ ਮੁਅੱਤਲ ਕੀਤਾ ਗਿਆ ਹੈ, ਜਿਸਦਾ ਸਮੁੱਚੇ ਅਧਿਆਪਕ ਵਰਗ ਅੰਦਰ ਰੋਸ ਹੈ।

ਆਗੂਆਂ ਨੇ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਵਰਤੀ ਗੈਰ-ਵਾਜਿਬ ਸ਼ਬਦਾਵਲੀ ‘ਤੇ ਇਤਰਾਜ਼ ਉਠਾਉਂਦਿਆਂ ਕਿਹਾ ਕਿ ਇਸ ਸ਼ਬਦਾਵਲੀ ਦੇ‌ ਅਧਾਰ ‘ਤੇ ਸ਼ੋਸ਼ਲ ਮੀਡੀਆ ‘ਤੇ ਬਿਨਾਂ ਅਸਲ ਤੱਥਾਂ ਦੀ ਪੜਤਾਲ ਕੀਤਿਆਂ ਉਨ੍ਹਾਂ ਦੀ ਕਿਰਦਾਰਕੁਸ਼ੀ ਹੋਣੀ ਹੋਰ ਵੀ ਮੰਦਭਾਗੀ ਹੈ, ਇਸਦਾ ਜ਼ਿੰਮੇਵਾਰ ਵੀ ਸਿੱਖਿਆ ਵਿਭਾਗ ਹੈ।

ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਲਏ ਗਏ ਇਸ ਫੈਸਲੇ ਨਾਲ ਇੱਕ ਸਿੱਖਿਆ ਅਧਿਕਾਰੀ ਦੇ ਮਨੋਬਲ ਅਤੇ ਮਾਨ ਸਨਮਾਨ ਨੂੰ ਘਟਾਇਆ ਹੈ ਜਿਸਦਾ ਮਾੜਾ ਪ੍ਰਭਾਵ ਬਾਕੀ ਸਿੱਖਿਆ ਅਧਿਕਾਰੀਆਂ ਅਤੇ ਕਰਮਚਾਰੀਆਂ ਉਪਰ ਵੀ ਪਵੇਗਾ।

ਸਿੱਖਿਆ ਵਿਭਾਗ ਦੀ ਇਸ ਗੈਰ ਵਾਜਬ ਕਾਰਵਾਈ ਨੂੰ ਦੇਖਦੇ ਹੋਏ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਸਵਿੰਦਰ ਔਜਲਾ ਅਤੇ ਵਿਕਰਮਜੀਤ ਮਾਲੇਰਕੋਟਲਾ ਦੀ ਅਗਵਾਈ ਹੇਠ ਵਫਦ ਨੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਗੁਰਿੰਦਰਜੀਤ ਸਿੰਘ ਸੋਢੀ ਨੂੰ ਸਿੱਖਿਆ ਸਕੱਤਰ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਹੈ ਕਿ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਤੁਰੰਤ ਪ੍ਰਭਾਵ ਤੋਂ ਬਹਾਲ ਕੀਤਾ ਜਾਵੇ। ਆਗੂਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪ੍ਰਿੰਸੀਪਲ ਦੀ ਬਹਾਲੀ ਨਾ ਹੋਣ ਦੀ ਸਥਿਤੀ ਵਿੱਚ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ।

 

Leave a Reply

Your email address will not be published. Required fields are marked *