ਡੀਏਵੀ ਸਕੂਲ ਵਲੋਂ ਸਾਲਾਨਾ ਪ੍ਰੋਤਸਾਹਨ ਦਿਵਸ ਵਿੱਦਿਆਰਥੀਆਂ ਨੂੰ ਸਨਮਾਨਤ ਕਰਕੇ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ
ਮੁੱਖ ਮਹਿਮਾਨ ਗੁਰਦਰਸ਼ਨ ਸੈਣੀ ਵਲੋਂ 1970 ਵਿੱਚ ਜਿਥੋਂ ਮੈਟ੍ਰਿਕ ਪਾਸ ਕੀਤੀ , ਅੱਜ ਉਥੋਂ ਦੇ ਹੀ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ
ਡੇਰਾਬਸੀ
ਅੱਜ ਸਥਾਨਕ ਸਕੂਲ ਸ਼੍ਰੀਮਤੀ ਐਨ ਐਨ ਮੋਹਨ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਡੇਰਾਬਸੀ ਵਿਖੇ ਬੋਰਡ ਪ੍ਰੀਖਿਆਵਾਂ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਸਨਮਾਨਤ ਕੀਤਾ ਗਿਆ। ਅੱਜ ਸੰਸਥਾ ਦੇ ਇਸ ਪ੍ਰੋਤਸਾਹਨ ਸਮਾਰੋਹ ਵਿੱਚ ਡੇਰਾਬਸੀ ਹਲਕੇ ਦੇ ਉੱਘੇ ਸਮਾਜ ਸੇਵਕ ਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਓਹਨਾ ਸਕੂਲ ਵਿੱਚ ਆਪਣੇ ਕਦਮ ਰੱਖਦੇ ਹੋਏ ਪਹਿਲਾ ਧਰਤੀ ਨੂੰ ਸਜਦਾ ਕੀਤਾ ਤੇ ਫੇਰ ਆਪਣੇ ਕਦਮ ਅਗਾਂਹ ਵਧਾਉਂਦੇ ਹੋਏ ਸਕੂਲ ਵਿੱਚ ਮੌਜੂਦ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ , ਜੋ ਨਰਸਰੀ ਤੋਂ ਲੈ ਕੇ ਬਾਰਵੀਂ ਤਕ ਸਨ , ਨਾਲ ਮੁਸਕੁਰਾਉਂਦੇ ਹੋਏ , ਤੇ ਕਿਸੇ ਕਿਸੇ ਨਾਲ ਹੱਥ ਮਿਲਾਉਂਦੇ ਹੋਏ ਅਤੇ ਗੱਲਾਂ ਕਰਦੇ ਹੋਏ ਸ਼ਮੂਲੀਅਤ ਕੀਤੀ।
ਇਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਸਰਦਾਰ ਗੁਰਦਰਸ਼ਨ ਸਿੰਘ ਸੈਣੀ ਜੀ ਨੇ ਇਸ ਸੰਸਥਾ ਵਿੱਚੋ 1970 ਵਿੱਚ ਮੈਟ੍ਰਿਕ ਪ੍ਰੀਖਿਆ ਪਾਸ ਕੀਤੀ। ਓਹਨਾ ਆਪਣਾ ਸਕੂਲ ਦਾ ਉਹ ਕਮਰਾ ਵੀ ਦੇਖਿਆ ਜਿਸ ਵਿੱਚੋ ਓਹਨਾ ਬੈਠ ਕੇ , ਪੜ੍ਹ ਕੇ ਆਪਣੀ ਪੜ੍ਹਾਈ ਪ੍ਰਾਪਤ ਕੀਤੀ। ਓਹਨਾ ਉਸ ਕਮਰੇ ਵਿੱਚ ਮੌਜੂਦ ਓਹਨਾ ਸਾਰਿਆ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਰਾਹੀਂ ਪ੍ਰੋਤਸਾਹਿਤ ਕੀਤਾ। ਇਸ ਤੋਂ ਬਾਅਦ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਅਮੋਦ ਗੁਪਤਾ ਜੀ, ਅਸ਼ਵਨੀ ਜੈਨ ਜੀ ਅਤੇ ਵਿਪਣ ਥੰਮਣ ਜੀ ਵਲੋ ਮੁੱਖ ਮਹਿਮਾਨ ਜੀ ਨੂੰ ਸਕੂਲ ਦੇ ਹਾਲ ਕਮਰੇ ਵਿੱਚ ਲਿਜਾਇਆ ਗਿਆ ਅਤੇ ਉਥੇ ਸੰਸਥਾ ਦੇ ਪ੍ਰਿੰਸੀਪਲ ਪ੍ਰੀਤਮ ਦਾਸ ਜੀ ਵਲੋਂ ਓਹਨਾ ਦਾ ਓਥੇ ਪੁੱਜਣ ਤੇ ਖੈਰ ਮਕਦਮ ਕੀਤਾ ਗਿਆ।
ਅਸ਼ਵਨੀ ਜੈਨ ਵਲੋਂ ਸੰਸਥਾ ਵਿੱਚ ਆਪਣੇ ਬਿਤਾਏ ਸਮੇਂ ਨੂੰ ਯਾਦ ਕੀਤਾ। ਗੁਰਦਰਸ਼ਨ ਸੈਣੀ ਜੀ ਵਲੋਂ ਆਪਣੇ ਸੰਬੋਧਨ ਵਿੱਚ ਆਪਣੇ ਸਕੂਲ ਵਿੱਚ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਭਾਵੁਕਤਾ ਮਹਿਸੂਸ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਉੱਚੇ ਅਹੁਦਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਓਹਨਾ ਪ੍ਰਬੰਧਕ ਕਮੇਟੀ ਦੇ ਮੌਜੂਦ ਮੈਂਬਰਾਂ ਸਮੇਤ ਵੱਖ ਵੱਖ ਜਮਾਤਾਂ ਦਸਵੀਂ ਤੇ ਬਾਰ੍ਹਵੀਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ।
ਸੰਸਥਾ ਦੇ ਵਾਈਸ ਪ੍ਰਿੰਸੀਪਲ ਸਮਿਤਾ ਅਹੂਜਾ ਨੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਬਾਬਤ ਜਾਣਕਾਰੀ ਦਿੱਤੀ ਅਤੇ ਓਹਨਾ ਵਿਦਿਆਰਥੀਆਂ ਨੂੰ ਵੀ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਗੁਰਦਰਸ਼ਨ ਸੈਣੀ ਜੀ ਨੇ ਆਪਣੇ ਵਲੋਂ ਖਾਸ ਚਾਰ ਚੁਣੇ ਹੋਏ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਵੱਖਰੇ ਰੂਪ ਰਾਹੀਂ ਹੌਂਸਲਾ ਅਫਜ਼ਾਈ ਕੀਤੀ। ਇਸ ਸਮਾਗਮ ਵਿੱਚ ਸੰਨਤ ਭਾਰਦਵਾਜ, ਹਰਪ੍ਰੀਤ ਸਿੰਘ ਟਿੰਕੂ ਅਤੇ ਪੁਸ਼ਪਿੰਦਰ ਮਹਿਤਾ ਵਲੋਂ ਆਪਣਾ ਪੂਰਾ ਯੋਗਦਾਨ ਦਿੱਤਾ ਗਿਆ। ਅੱਜ ਦੇ ਇਸ ਸਮਾਗਮ ਵਿੱਚ ਸੰਸਥਾ ਦੇ ਕਈ ਹੋਰ ਪੁਰਾਣੇ ਵਿਦਿਆਰਥੀ ਦਯਾਨੰਦ ਬਬਲੀ ਤੇ ਸੁਰਿੰਦਰ ਪੂਰੀ ਵੀ ਹਾਜ਼ਰ ਸਨ।