ਪੰਜਾਬ ਦੇ ਵਿਧਾਇਕਾਂ ਨੇ ਭੱਤਿਆਂ ‘ਤੇ ਉਡਾਏ ਲੱਖਾਂ ਰੁਪਏ! ਕਈ ਮੁਲਾਜ਼ਮ ਤਨਖ਼ਾਹਾਂ ਨੂੰ ਤਰਸੇ

All Latest NewsNews FlashPolitics/ OpinionPunjab NewsTop BreakingTOP STORIES

 

ਪੰਜਾਬ ਦੇ ਵਿਧਾਇਕਾਂ ਨੇ ਭੱਤਿਆਂ ‘ਤੇ ਉਡਾਏ ਲੱਖਾਂ ਰੁਪਏ! ਕਈ ਮੁਲਾਜ਼ਮ ਤਨਖ਼ਾਹਾਂ ਨੂੰ ਤਰਸੇ

ਚੰਡੀਗੜ੍ਹ, 23 ਦਸੰਬਰ 2025:

ਪੰਜਾਬ ਦੇ ਵਿਧਾਇਕਾਂ ਨੇ ਭੱਤਿਆਂ ਦਾ ਇਸ ਧੂਆਂ ਕੱਢ ਕੇ ਰੱਖ ਦਿੱਤਾ ਹੈ। ਤਾਜ਼ਾ ਸਾਹਮਣੇ ਆਈਆਂ ਰਿਪੋਰਟਾਂ ਨੂੰ ਵੇਖ ਲੱਗਦਾ ਹੈ ਕਿ, ਵਿਧਾਇਕਾਂ ਨੇ ਸਿਰਫ਼ ਭੱਤਿਆਂ ਉੱਤੇ ਹੀ ਜ਼ੋਰ ਦਿੱਤਾ, ਬਲਕਿ ਲੋਕਾਈ ਦੇ ਕੰਮਾਂ ਨੂੰ ਪਿਛਾਂਹ ਹੀ ਰੱਖਿਆ। ਵੈਸੇ, ਇੱਕ ਪਾਸੇ ਤਾਂ ਮੁਲਾਜ਼ਮ ਅਤੇ ਅਧਿਆਪਕ ਤਨਖ਼ਾਹਾਂ ਨੂੰ ਤਰਸ ਰਹੇ ਹਨ, ਉੱਥੇ ਹੀ ਦੂਜੇ ਪਾਸੇ ਵਿਧਾਇਕ ਸਰਕਾਰੀ ਖ਼ਜ਼ਾਨੇ ਵਿੱਚੋਂ ਲੱਖਾਂ ਰੁਪਏ ਦਾ ਭੱਤਾ ਲੈ ਰਹੇ ਹਨ।

ਪੰਜਾਬੀ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ, ਪੰਜਾਬ ਵਿਚ ਵਿਧਾਇਕਾਂ ਨੇ ਸਰਕਾਰੀ ਮੀਟਿੰਗਾਂ ਤੇ ਸਮਾਗਮਾਂ ਵਿਚ ਸ਼ਾਮਲ ਹੋਣ ਵਾਸਤੇ ਪ੍ਰਾਈਵੇਟ ਗੱਡੀਆਂ ਵਰਤ ਕੇ ਭੱਤੇ ਲੈਣ ਦਾ ਨਵਾਂ ਰਿਕਾਰਡ ਸਿਰਜਿਆ ਹੈ। ਸਰਕਾਰੀ ਮੀਟਿੰਗਾਂ ਤੇ ਸਮਾਗਮਾਂ ਵਿਚ ਸ਼ਾਮਲ ਹੋਣ ਵਾਸਤੇ ਵਿਧਾਇਕਾਂ ਨੂੰ ਪ੍ਰਾਈਵੇਟ ਗੱਡੀਆਂ ਵਾਸਤੇ ਤੇਲ ਖਰਚਾ ਤੇ ਰਹਿਣ-ਸਹਿਣ ਖਰਚਾ ਮਿਲਦਾ ਹੈ।

ਜਿਹੜੀਆਂ ਗੱਡੀਆਂ ਸਰਕਾਰ ਨੇ ਵਿਧਾਇਕਾਂ ਨੂੰ ਅਲਾਟ ਕੀਤੀਆਂ ਹਨ, ਉਹਨਾਂ ਨੂੰ ਇਹ ਆਗੂ ਸੁਰੱਖਿਆ ਵਾਹਨਾਂ ਵਜੋਂ ਵਰਤਦੇ ਹਨ। ਇਹਨਾਂ ਸੁਰੱਖਿਆ ਵਾਹਨਾਂ ਦਾ ਖਰਚਾ ਟਰਾਂਸਪੋਰਟ ਵਿਭਾਗ ਚੁੱਕਦਾ ਹੈ।

ਰਿਪੋਰਟ ਮੁਤਾਬਕ ਪੰਜਾਬ ਦੇ ਵਿਧਾਇਕਾਂ ’ਚੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਭੱਤੇ ਲੈਣ ’ਚ ਸਭ ਤੋਂ ਅੱਗੇ ਹਨ, ਜਿਨ੍ਹਾਂ ਨੇ ਲੰਘੇ ਤਿੰਨ ਵਰ੍ਹਿਆਂ (2022-23 ਤੋਂ 2024-25) ਦੌਰਾਨ 15.17 ਲੱਖ ਰੁਪਏ ਇਕੱਲੇ ਟੀ ਏ/ਡੀ ਏ ਵਜੋਂ ਪ੍ਰਾਪਤ ਕੀਤੇ ਹਨ।

ਦੂਜਾ ਨੰਬਰ ਹਲਕਾ ਭੁੱਚੋ ਮੰਡੀ ਦੇ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਹੈ, ਜਿਨ੍ਹਾਂ ਨੇ ਤਿੰਨ ਸਾਲਾਂ ’ਚ 12.30 ਲੱਖ ਰੁਪਏ ਭੱਤੇ ਵਜੋਂ ਲਏ। ਸਾਰੇ ਵਿਧਾਇਕ ਵਿਧਾਨ ਸਭਾ ਦੀਆਂ ਅਲੱਗ-ਅਲੱਗ ਕਮੇਟੀਆਂ ਦੇ ਮੈਂਬਰ ਆਦਿ ਹਨ ਤੇ ਇਨ੍ਹਾਂ ਕਮੇਟੀਆਂ ਦੀਆਂ ਮੀਟਿੰਗਾਂ ’ਚ ਵਿਧਾਇਕ ਹਿੱਸਾ ਲੈਂਦੇ ਹਨ।

ਨਿਯਮਾਂ ਅਨੁਸਾਰ, ਵਿਧਾਇਕ ਨੂੰ ਪ੍ਰਾਈਵੇਟ ਵਾਹਨ ਦੀ ਵਰਤੋਂ ਕਰਨ ’ਤੇ ਪ੍ਰਤੀ ਕਿਲੋਮੀਟਰ 15 ਰੁਪਏ ਅਤੇ ਰੋਜ਼ਾਨਾ ਭੱਤੇ ਵਜੋਂ 1500 ਰੁਪਏ ਮਿਲਦੇ ਹਨ। ਜੇ ਵਿਧਾਇਕ ਚੰਡੀਗੜ੍ਹ ਮੀਟਿੰਗ ’ਚ ਸ਼ਾਮਲ ਹੁੰਦਾ ਹੈ ਤਾਂ ਉਹ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ ਦਾ ਡੀ ਏ ਲੈਣ ਦਾ ਹੱਕਦਾਰ ਹੈ।

ਹਲਕਾ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਤਿੰਨ ਸਾਲਾਂ ’ਚ 10.64 ਲੱਖ ਰੁਪਏ, ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਨੇ 10.28 ਲੱਖ ਰੁਪਏ, ਕਾਂਗਰਸ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 10.08 ਲੱਖ ਰੁਪਏ ਤੇ ਬਸਪਾ ਵਿਧਾਇਕ ਨਛੱਤਰ ਪਾਲ ਨੇ 7.80 ਲੱਖ ਰੁਪਏ ਭੱਤਿਆਂ ਵਜੋਂ ਵਸੂਲ ਕੀਤੇ ਹਨ।

ਪਿਓ-ਪੁੱਤ ਦੀ ਜੋੜੀ ਨਹੀਂ ਲੈਂਦੀ ਭੱਤੇ

ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਪੁੱਤਰ ਰਾਣਾ ਇੰਦਰ ਸਿੰਘ ਨੇ ਤਿੰਨ ਵਰ੍ਹਿਆਂ ’ਚ ਕੋਈ ਟੀ ਏ/ਡੀ ਏ ਨਹੀਂ ਲਿਆ। ਘੱਟ ਭੱਤੇ ਲੈਣ ਵਾਲਿਆਂ ’ਚ ਭਾਜਪਾ ਦੇ ਅਸ਼ਵਨੀ ਕੁਮਾਰ ਸ਼ਰਮਾ, ਗੁਰਲਾਲ ਘਨੌਰ, ਮਨਪ੍ਰੀਤ ਸਿੰਘ ਇਆਲੀ, ਕਾਂਗਰਸੀ ਵਿਧਾਇਕ ਪਰਗਟ ਸਿੰਘ ਆਦਿ ਸ਼ਾਮਲ ਹਨ।

 

Media PBN Staff

Media PBN Staff