Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਯੈਲੋ ਅਲਰਟ ਜਾਰੀ, ਕੋਲਡ ਵੇਵ ਬਾਰੇ ਵੀ ਦਿੱਤੀ ਚੇਤਾਵਨੀ
Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਯੈਲੋ ਅਲਰਟ ਜਾਰੀ, ਕੋਲਡ ਵੇਵ ਬਾਰੇ ਵੀ ਦਿੱਤੀ ਚੇਤਾਵਨੀ
ਚੰਡੀਗੜ੍ਹ, 25 ਦਸੰਬਰ 2025 (Media PBN):
ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਇਸ ਵੇਲੇ ਠੰਡ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਸੀਤ ਲਹਿਰ ਦੇ ਨਾਲ ਠੰਡ ਹੋਰ ਜਿਆਦਾ ਵੱਧ ਗਈ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਦੁਪਹਿਰ ਸਮੇਂ ਸੂਰਜ ਵੀ ਦਿਖਾਈ ਦੇ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਠੰਡ ਤੋਂ ਥੋੜੀ ਜਿਹੀ ਰਾਹਤ ਵੀ ਮਿਲ ਰਹੀ ਹੈ।
ਤਾਜਾ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ। ਦੂਜੇ ਪਾਸੇ ਪੰਜਾਬ ਭਰ ਦੇ ਅੰਦਰ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਘੱਟੋ-ਘੱਟ ਤਾਪਮਾਨ 1.5 ਡਿਗਰੀ ਘੱਟ ਗਿਆ ਹੈ। ਇਹ ਆਮ ਨਾਲੋਂ 3.4 ਡਿਗਰੀ ਵੱਧ ਹੈ। ਗੁਰਦਾਸਪੁਰ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਦਮਪੁਰ ਅਤੇ ਬਠਿੰਡਾ ਵਿੱਚ ਸੰਘਣੀ ਧੁੰਦ ਦਰਜ ਕੀਤੀ ਗਈ, ਜਿਸ ਵਿੱਚ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਤੋਂ ਬਾਅਦ ਰਾਜ ਵਿੱਚ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਆਉਣ ਦੀ ਉਮੀਦ ਨਹੀਂ ਹੈ। 27 ਤਰੀਕ ਨੂੰ ਇੱਕ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ। ਫਿਰ ਤਾਪਮਾਨ ਥੋੜ੍ਹਾ ਵਧੇਗਾ।
ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਸੰਘਣੀ ਧੁੰਦ ਪਵੇਗੀ, ਜਦਕਿ ਹੁਸ਼ਿਆਰਪੁਰ, ਫਰੀਦਕੋਟ, ਰੂਪਨਗਰ, ਮੋਹਾਲੀ ਵਿੱਚ ਵੀ ਸੰਘਣੀ ਧੁੰਦ ਪਵੇਗੀ।

