ਵੋਟਾਂ ਦੀ ਭੁੱਖ! ਆਜਾ ਕਾਕਾ ਤੈਨੂੰ ਨੌਕਰੀ ਲਵਾ ਦਿਆਂ!
ਗੁਰਪ੍ਰੀਤ, ਚੰਡੀਗੜ੍ਹ
ਵੈਸੇ ਤਾਂ, ਵੋਟਾਂ ਬਟੋਰਨ ਲਈ ਹਰ ਪਾਰਟੀ ਤਰ੍ਹਾਂ ਤਰ੍ਹਾਂ ਦੇ ਵਾਅਦੇ ਜਨਤਾ ਦੇ ਨਾਲ ਕਰਦੀ ਹੈ। ਕੋਈ ਪਾਰਟੀ ਜਨਤਾ ਨੂੰ ਮੁਫ਼ਤ ਰਾਸ਼ਨ, ਬਿਜਲੀ ਅਤੇ ਹੋਰ ਵਸਤੂਆਂ ਦੇਣ ਦਾ ਵਾਅਦਾ ਕਰਦੀ ਹੈ ਅਤੇ ਕੋਈ ਪਾਰਟੀ ਇਸ ਤੋਂ ਵੀ ਅੱਗੇ ਜਾ ਕੇ ਨਵਾਂ ਸ਼ੋਸ਼ਾ ਛੱਡ ਦਿੰਦੀ ਹੈ।
ਮਤਲਬ ਕਿ, ਇੱਕ ਨੂੰ ਕੱਟਦੇ ਹੋਏ ਦੂਜੀ ਪਾਰਟੀ ਇਹ ਭੁੱਲ ਜਾਂਦੀ ਹੈ ਕਿ, ਜੇਕਰ ਉਹ ਸੱਤਾ ਵਿੱਚ ਆਈ ਤਾਂ ਆਪਣੇ ਕੀਤੇ ਵਾਅਦੇ, ਕਿੰਝ ਪੂਰੇ ਕਰੇਗੀ? ਕਿੱਥੋਂ ਪੈਸਾ ਆਵੇਗਾ? ਕਿਵੇਂ ਸਾਰਾ ਪਲਾਨ ਤਿਆਰ ਹੋਵੇਗਾ?
ਖ਼ੈਰ, ਇੰਨੀਂ ਦਿਨੀਂ ਮਨਪ੍ਰੀਤ ਬਾਦਲ ਕਾਫ਼ੀ ਚਰਚਾ ਵਿੱਚ ਨੇ। ਉਹ ਇਸ ਵਾਰ ਭਾਜਪਾ ਤਰਫ਼ੋਂ ਗਿੱਦੜਬਾਹਾ ਤੋਂ ਜਿਮਨੀ ਚੋਣ ਲੜ ਰਹੇ ਨੇ। ਪਹਿਲਾਂ ਉਹ ਕਈ ਪਾਰਟੀਆਂ ਵਿੱਚ ਆਪਣੇ ਦਿਨ ਪੁਗਾ ਚੁੱਕੇ ਨੇ।
ਵੋਟ ਬਦਲੇ ਸਰਕਾਰੀ ਨੌਕਰੀ ਦਾ ਲਾਲਚ
ਮਨਪ੍ਰੀਤ ਬਾਦਲ ਦਾ ਇਸ ਵੇਲੇ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਨੌਜਵਾਨ ਵੋਟਰਾਂ ਨੂੰ ਵੋਟ ਬਦਲੇ ਕਥਿਤ ਤੌਰ ਤੇ ਸਰਕਾਰੀ ਨੌਕਰੀ ਲਗਵਾਉਣ ਦਾ ਵਾਅਦਾ ਕਰਦੇ ਨਜ਼ਰੀਂ ਆ ਰਹੇ ਹਨ ਅਤੇ ਇੱਕ ਜਗ੍ਹਾ ਤਾਂ ਉਹ ਇਹ ਵੀ ਕਹਿ ਰਹੇ ਨੇ ਕਿ, ਕਾਕਾ ਤੇਰਾ ਜਿਵੇਂ ਰੋਲ ਨੰਬਰ ਆ ਗਿਆ, ਤੂੰ ਮੈਨੂੰ ਫੜਾ ਦੇਈਂ, ਬਾਕੀ ਅਗਲਾ ਕੰਮ ਮੈਂ ਆਪੇ ਕਰਵਾ ਦੇਓਂ।
ਦਰਅਸਲ, ਸੋਸ਼ਲ ਮੀਡੀਆ ਤੇ ਮਨਪ੍ਰੀਤ ਬਾਦਲ ਦੀ ਕਥਿਤ ਵਾਇਰਲ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ, ਨੌਜਵਾਨੋਂ ਤੁਹਾਨੂੰ ਸਰਕਾਰੀ ਪੀਆਰਟੀਸੀ ਵਿੱਚ ਲਵਾ ਦਿਆਗੇ, ਤੁਸੀਂ ਮੈਨੂੰ ਵੋਟ ਪਾਓ।
ਬਾਦਲ ਨੌਜਵਾਨ ਨੂੰ ਇਹ ਵੀ ਕਹਿੰਦੇ ਨਜ਼ਰੀਂ ਆ ਰਹੇ ਨੇ ਕਿ, ਬੀਐਸਐਫ, ਸੀਆਰਪੀਐਫ਼ ਅਤੇ ਆਈਟੀਬੀਪੀ ਸੈਂਟਰ ਦੀਆਂ ਫ਼ੋਰਸਾਂ ਹਨ, ਤੁਹਾਨੂੰ ਨੌਕਰੀ ਲਵਾਂ ਦਿਆਂਗਾ ਪੱਕਾ। ਰੇਲਵੇ ਦਾ ਮੰਤਰੀ ਇੱਥੇ ਗਿੱਦੜਬਾਹਾ ਵਿੱਚ ਹੀ ਹੈ, ਜੇਕਰ ਰੇਲਵੇ ਵਿੱਚ ਨੌਕਰੀ ਚਾਹੀਦੀ ਹੈ ਤਾਂ, ਦੱਸੋ ਲਵਾਂ ਦੇਈਏ ਫੇਰ…!
ਆਪਣੇ ਬਿਆਨ ਵਿੱਚ ਮਨਪ੍ਰੀਤ ਇਹ ਵੀ ਕਹਿੰਦੇ ਸੁਣਾਈ ਦੇ ਰਹੇ ਹਨ ਕਿ, ਨੌਜਵਾਨੋਂ ਲਾਇਸੈਂਸ ਬਣਵਾ ਲਓ, ਕੰਡਕਟਰ ਲਵਾ ਦਿਆਂਗਾ। ਹਾਲਾਂਕਿ ਇਸ ਸਭ ਤੋਂ ਭਾਜਪਾ ਪਿੱਛਾ ਛੁਡਾਉਂਦੀ ਨਜ਼ਰੀਂ ਆ ਰਹੀ ਹੈ।
ਮਨਪ੍ਰੀਤ ਬਾਦਲ ਬੜੇ ਸੂਝਵਾਨ ਵਿਅਕਤੀ- ਭਾਜਪਾ ਆਗੂ ਹਰਜੀਤ ਗਰੇਵਾਲ
ਪਹਿਲਾ ਤਾਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਮਨਪ੍ਰੀਤ ਬਾਦਲ ਦੇ ਇਸ ਬਿਆਨ ਦਾ ਪੱਖ ਪੂਰਿਆ ਅਤੇ ਕਿਹਾ ਕਿ, ਮਨਪ੍ਰੀਤ ਬਾਦਲ ਬੜੇ ਸੂਝਵਾਨ ਵਿਅਕਤੀ ਹਨ, ਉਹ ਸਰਕਾਰ ਵਿੱਚ ਵੀ ਰਹੇ ਹਨ ਅਤੇ ਜਿਹੜਾ ਵਾਅਦਾ ਮਨਪ੍ਰੀਤ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ, ਮੈਨੂੰ ਉਮੀਦ ਹੈ ਕਿ, ਉਹ ਇਸ ਨੂੰ ਪੂਰਾ ਕਰਨਗੇ।
ਜਦੋਂਕਿ ਬਾਅਦ ਵਿੱਚ ਭਾਜਪਾ ਆਗੂ ਗਰੇਵਾਲ ਆਪਣੇ ਬਿਆਨ ਤੋਂ ਹੀ ਭੱਜਦੇ ਨਜ਼ਰੀਂ ਆਏ। ਉਨ੍ਹਾਂ ਕਿਹਾ ਕਿ, ਵੀਡੀਓ ਮਨਪ੍ਰੀਤ ਬਾਦਲ ਦੀ ਹੈ, ਪਰ ਆਵਾਜ਼ ਉਨ੍ਹਾਂ ਦੀ ਹੈ ਜਾਂ ਨਹੀਂ.. ਇਹ ਕੰਨਫਰਮ ਨਹੀਂ। ਗਰੇਵਾਲ ਨੇ ਪੰਜਾਬ ਸਰਕਾਰ ਤੇ ਸਿੱਧੇ ਦੋਸ਼ ਲਾਏ ਕਿ, ਇਨ੍ਹਾਂ ਨੇ ਨੌਜਵਾਨਾਂ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕੀਤਾ ਹੈ, ਨੌਕਰੀਆਂ ਨਹੀਂ ਦਿੱਤੀਆਂ।
ਮਨਪ੍ਰੀਤ ਬਾਦਲ ਗੱਪਾਂ ਮਾਰ ਰਿਹੈ- ਆਪ ਆਗੂ ਨੀਲ ਗਰਗ
ਦੂਜੇ ਪਾਸੇ, ਮਨਪ੍ਰੀਤ ਬਾਦਲ ਦੀ ਵਾਇਰਲ ਵੀਡੀਓ ਤੇ ਆਪ ਆਗੂ ਨੀਲ ਗਰਗ ਦਾ ਵੀ ਬਿਆਨ ਸਾਹਮਣੇ ਆਇਆ ਹੈ। ਗਰਗ ਨੇ ਕਿਹਾ ਕਿ, ਮਨਪ੍ਰੀਤ ਬਾਦਲ ਗੱਪਾਂ ਮਾਰ ਰਿਹਾ ਹੈ ਅਤੇ ਪੰਜਾਬ ਦੇ ਅੰਦਰ ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇ ਰਹੀ ਹੈ। ਗਰਗ ਨੇ ਮਨਪ੍ਰੀਤ ਬਾਦਲ ਨੂੰ ਸਵਾਲ ਕੀਤਾ ਕਿ, ਉਹ ਦੱਸਣ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਿੰਨੀਆਂ ਨੌਕਰੀਆਂ ਦਿੱਤੀਆਂ?
ਮੈਂ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਲਾਹ ਦਿੰਦਾ ਰਹਿੰਦਾ ਹਾਂ: ਮਨਪ੍ਰੀਤ ਬਾਦਲ
ਨੌਜਵਾਨਾਂ ਨੂੰ ਨੌਕਰੀਆਂ ਦੇਣ ਸਬੰਧੀ ਕੀਤੇ ਵਾਅਦਿਆਂ ਦੀ ਵਾਇਰਲ ਵੀਡੀਓ ਬਾਰੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਪਹਿਲਾਂ ਵੀ ਨੌਜਵਾਨਾਂ ਨੂੰ ਤਰੱਕੀ ਤੇ ਕਾਮਯਾਬੀ ਬਾਰੇ ਸਲਾਹ ਦਿੰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ’ਚ ਵੀ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਨੌਕਰੀ ਬਾਰੇ ਜਾਣਕਾਰੀ ਦਿੰਦੇ ਰਹਿਣਗੇ ਕਿਉਂਕਿ ਇਹ ਉਨ੍ਹਾਂ ਦਾ ਫਰਜ਼ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨਾਂ ਦੀ ਮਦਦ ਵੀ ਯਕੀਨੀ ਬਣਾਈ ਜਾਵੇਗੀ।