Punjab News: ਪੰਜਾਬ ਚ ਮੁੱਛਲ ਝੋਨਾ ਕਿਸਾਨਾਂ ਲਈ ਬਣਿਆ ਵੱਡੀ ਮੁਸੀਬਤ
ਝੋਨੇ ਦਾ ਝਾੜ ਘਟਣ ਨਾਲ ਕਿਸਾਨਾਂ ਵਿੱਚ ਭਾਰੀ ਨਿਰਾਸ਼ਾ
ਪਰਮਜੀਤ ਢਾਬਾਂ, ਜਲਾਲਾਬਾਦ
ਕਿਸਾਨਾਂ ਵੱਲੋਂ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਝੋਨੇ ਦੀ ਬੰਪਰ ਫਸਲ ਹੋਣ ਦੀ ਆਸ ਉਮੀਦ ਕੀਤੀ ਜਾ ਰਹੀ ਸੀ। ਜਿਸ ਕਾਰਨ ਕਿਸਾਨਾਂ ਵੱਲੋਂ ਮੁੱਛਲ (PB061401)ਝੋਨੇ ਦੀ ਬਜਾਈ ਸਬ ਤੋ ਜ਼ਿਆਦਾ ਕੀਤੀ ਗਈ ਸੀ। ਪਰ ਝੋਨੇ ਦੇ ਪੱਕਣ ਦੇ ਅਖੀਰ ਵਿੱਚ ਮੌਸਮ ਵਿੱਚ ਆਈ ਤਬਦੀਲੀ (ਗਰਮੀ )ਅਤੇ ਝੋਨੇ ਨੂੰ ਤੇਲਾ(ਹੋਪਰ) ਪੈਨ ਨਾਲ ਝੋਨੇ ਦੀਆਂ ਫਸਲਾਂ ਦੇ ਝਾੜ ਵਿੱਚ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਪਿੰਡ ਚੱਕ ਦੁਮਾਲ ਦੇ ਕਿਸਾਨ ਮਹਿੰਦਰ ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਜਿਹੜਾ ਮੁੱਛਲ ਝੋਨਾ(PB061401) ਪਿਛਲੀ ਵਾਰ ਇਕ ਕਿੱਲੇ ਵਿੱਚੋਂ ਸਵਾ ਲੱਖ ਤੋਂ ਵੀ ਉੱਪਰ ਹੋਇਆ ਸੀ। ਉਹ ਇਸ ਵਾਰ ਅੱਧ ਤੋਂ ਵੀ ਥੱਲੇ ਰਹਿ ਗਿਆ ਹੈ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਉਹਨਾਂ ਨੇ ਇਹ ਵੀ ਕਿਹਾ ਕਿ ਮੁੱਛਲ ਝੋਨੇ ਤੋਂ ਇਲਾਵਾ ਬਾਸਮਤੀ 1121ਅਤੇ 1718 ਵਰਾਇਟੀਆ ਨੂੰ ਤੇਲੇ (ਹੋਪਰ) ਪੈਨ ਕਾਰਨ ਵੀ ਨੁਕਸਾਨ ਹੋਇਆ ਹੈ ਅਤੇ ਝੋਨੇ ਨੂੰ ਕੰਬਾਈਨਾਂ ਨਾਲ ਕੱਟਣ ਵਿੱਚ ਵੀ ਦੇਰੀ ਲੱਗ ਰਹੀ ਹੈ। ਕੁਝ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵੀ ਕਿਸਾਨ ਮੰਡੀਆਂ ਵਿੱਚ ਰੁਲਨ ਲਈ ਮਜਬੂਰ ਹੋ ਰਹੇ ਹਨ।
ਜਿਸ ਕਾਰਨ ਕਣਕ ਦੀ ਬਜਾਈ ਵਿੱਚ ਵੀ ਦੇਰੀ ਹੋ ਰਹੀ ਹੈ ਜਿਸ ਦੇ ਕਾਰਨ ਕਣਕਾਂ ਦੇ ਝਾੜ ਘਟਣ ਦੀ ਸੰਭਾਵਨਾ ਹੈ। ਜਦੋਂ ਇਸ ਦੇ ਸਬੰਧ ਵਿੱਚ ਖੇਤੀਬਾੜੀ ਅਧਿਕਾਰੀ ਏ,ਡੀ,ਓ ਪ੍ਰਵੇਸ਼ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਝੋਨੇ ਦਾ ਝਾੜ ਘਟਣ ਦਾ ਮੁੱਖ ਕਾਰਨ ਗਰਮੀ ਹੈ। ਜਿਸ ਕਾਰਨ ਹੋਪਰ ਵਰਗੀਆਂ ਬਿਮਾਰੀਆਂ ਪੈਦਾ ਹੋਈਆਂ ਹਨ।
ਇਸ ਕਾਰਨ ਹੀ 80 ਮਣ ਨਿਕਲਣ ਵਾਲਾ ਝੋਨਾ 40 ਮਨ ਦੇ ਕਰੀਬ ਰਹਿ ਗਿਆ ਹੈ। ਉਹਨਾਂ ਨੇ ਕਣਕ ਦੀ ਪੱਛੜ ਰਹੀ ਖੇਤੀ ਬਾਰੇ ਕਿਹਾ ਕਿ ਕਿਸਾਨ ਵੀਰ ਪੀ,ਏ,ਯੂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਗਏ ਬੀਜਾ ਨੂੰ 15 ਨਵੰਬਰ ਤੱਕ ਪ੍ਰਤੀ 40 ਕਿਲੋ ਦੇ ਹਿਸਾਬ ਨਾਲ ਬੀਜ ਸਕਦੇ ਹਨ। ਇਸ ਤੋਂ ਬਾਅਦ ਕਣਕ ਦਾ ਚੰਗਾ ਝਾੜ ਲੈਣ ਲਈ ਪ੍ਰਤੀ ਏਕੜ ਦੇ ਹਿਸਾਬ ਮੁਤਾਬਕ ਕਣਕ ਦੇ ਬੀਜ ਵਿੱਚ ਵਾਧਾ ਕਰਨਾ ਪਵੇਗਾ, ਤਾਂ ਹੀ ਕਣਕ ਦਾ ਚੰਗਾ ਝਾੜ ਲਿਆ ਜਾ ਸਕਦਾ ਹੈ।