All Latest NewsNews FlashPunjab News

Ferozepur News: “ਕਲਾਪੀਠ” ਵੱਲੋਂ ਪਹਿਲਾ ਅਨਿਲ ਆਦਮ ਸਿਮਰਤੀ ਸਮਾਗਮ, ਜਸਵੰਤ ਜ਼ਫ਼ਰ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਲ

 

ਹਰਮੀਤ ਵਿਦਿਆਰਥੀ ਨੇ ਅਨਿਲ ਨਾਲ ਆਪਣੀ ਬੱਤੀ ਵਰ੍ਹਿਆਂ ਦੀ ਦੋਸਤੀ ਦੇ ਸ਼ੀਸ਼ੇ ‘ਚੋਂ ਉਸਦੀ ਸਖ਼ਸ਼ੀਅਤ ਦੇ ਵੱਖ ਵੱਖ ਰੂਪਾਂ ਦੀ ਕੀਤੀ ਨਿਸ਼ਾਨਦੇਹੀ

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ

ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਵਿੱਚ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ” ਕਲਾਪੀਠ” ਵੱਲੋਂ ਪਹਿਲਾ ਅਨਿਲ ਆਦਮ ਸਿਮਰਤੀ ਸਮਾਗਮ ਜ਼ਿਲ੍ਹਾ ਲਾਇਬ੍ਰੇਰੀ ਕਮੇਟੀ ਘਰ ਫ਼ਿਰੋਜ਼ਪੁਰ ਵਿੱਚ ਕਰਵਾਇਆ ਗਿਆ।’ ਏਨੀ ਮੇਰੀ ਬਾਤ’ , ‘ਕਵਿਤਾ ਬਾਹਰ ਉਦਾਸ ਖੜ੍ਹੀ ਹੈ’ ਅਤੇ ’26 ਸਾਲ ਬਾਅਦ’ ਦੇ ਲੇਖਕ ਮਰਹੂਮ ਅਨਿਲ ਆਦਮ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਵਿਜੇ ਵਿਵੇਕ ਨੇ ਕੀਤੀ ਸ਼ਾਇਰ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਜਸਵੰਤ ਜ਼ਫ਼ਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਜਸਪਾਲ ਘਈ, ਪ੍ਰੋ.ਗੁਰਤੇਜ ਕੋਹਾਰਵਾਲਾ,ਸਨਮਾਨਿਤ ਸ਼ਾਇਰਾ ਮਨਦੀਪ ਔਲਖ ਅਤੇ ਅਨਿਲ ਆਦਮ ਦੀ ਹਮਸਫ਼ਰ ਅੰਜੁਮ ਸ਼ਰਮਾ ਸ਼ਾਮਲ ਸਨ।

ਪ੍ਰੋ.ਕੁਲਦੀਪ ਦੀ ਪ੍ਰਭਾਵਸ਼ਾਲੀ ਮੰਚ ਸੰਚਾਲਨਾ ਨਾਲ ਸ਼ੁਰੂ ਹੋਏ ਸਮਾਗਮ ਵਿੱਚ ਪ੍ਰੋ.ਗੁਰਤੇਜ ਨੇ ਸਮੁੱਚੇ ਪੰਜਾਬ ਭਰ ਵਿੱਚੋਂ ਆਏ ਹੋਏ ਲੇਖਕਾਂ, ਬੁੱਧੀਜੀਵੀਆਂ, ਪਾਠਕਾਂ ਸਰੋਤਿਆਂ ਦਾ ਸਵਾਗਤ ਕਰਦਿਆਂ ਅਨਿਲ ਆਦਮ ਦੀ ਸਾਹਿਤਕ ਪ੍ਰਤਿਭਾ ਕਲਾਪੀਠ ਦੀਆਂ ਸਰਗਰਮੀਆਂ ਅਤੇ ਭਵਿੱਖੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ।

ਸਮਾਗਮ ਦੇ ਪਹਿਲੇ ਪੜਾਅ ਵਿੱਚ ਪ੍ਰੋ.ਜਸਪਾਲ ਘਈ ਦਾ ਊੜਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਾਵਿ ਸੰਗ੍ਰਹਿ “ਤੇਰਾ ਮੇਰਾ ਖ਼ਾਬ ਸੀ ਸ਼ਾਇਦ” ਅਤੇ ਸ਼ਾਇਰਾ ਹਰਲੀਨ ਸੋਨਾ ਦਾ ਹਿੰਦੀ ਵਿੱਚ ਅਨੁਵਾਦਿਤ ਹਾਇਕੂ ਸੰਗ੍ਰਹਿ “ਆਰਸੀ” ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ। ਯਾਦ ਰਹੇ “ਆਰਸੀ” ਦਾ ਹਿੰਦੀ ਅਨੁਵਾਦ ਮਰਹੂਮ ਅਨਿਲ ਆਦਮ ਨੇ ਕੀਤਾ ਸੀ। ਦੋਵਾਂ ਕਿਤਾਬਾਂ ਦੇ ਲੇਖਕਾਂ ਵੱਲੋਂ ਆਪਣੀ ਸਿਰਜਣ ਪ੍ਰਕ੍ਰਿਆ ਬਾਰੇ ਸੰਖੇਪ ਵਿੱਚ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਗਈ।

ਸ਼ਾਇਰ ਸੱਤਪਾਲ ਭੀਖੀ ਨੇ ਅਨਿਲ ਆਦਮ ਦੀ ਕਵਿਤਾ ਦੇ ਵੱਖ ਵੱਖ ਪਸਾਰਾਂ ਦੀ ਚਰਚਾ ਕਰਦਿਆਂ ਉਸਦੀ ਕਵਿਤਾ ਦੇ ਮਾਨਵੀ ਪਹਿਲੂਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਹਰਮੀਤ ਵਿਦਿਆਰਥੀ ਨੇ ਅਨਿਲ ਨਾਲ ਆਪਣੀ ਬੱਤੀ ਵਰ੍ਹਿਆਂ ਦੀ ਦੋਸਤੀ ਦੇ ਸ਼ੀਸ਼ੇ ਵਿੱਚੋਂ ਉਸਦੀ ਸਖ਼ਸ਼ੀਅਤ ਦੇ ਵੱਖ ਵੱਖ ਰੂਪਾਂ ਦੀ ਨਿਸ਼ਾਨਦੇਹੀ ਕੀਤੀ।

ਪ੍ਰੋ.ਗੁਰਤੇਜ ਨੇ ਸ਼ਾਇਰਾ ਮਨਦੀਪ ਔਲਖ ਦੇ ਸਨਮਾਨ ਵਿੱਚ ਮਾਣ-ਪੱਤਰ ਪੜ੍ਹਦਿਆਂ ਕਿਹਾ ਕਿ ਮਨਦੀਪ ਔਲਖ ਔਰਤ ਆਜ਼ਾਦ ਹੋਂਦ ਦੀ ਉਚਾਰ ਦੀ ਕਵਿਤਾਕਾਰ ਹੈ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਅਤੇ ਅਨਿਲ ਆਦਮ ਦੀ ਮਾਤਾ ਸ਼੍ਰੀ ਮਤੀ ਸ਼ੁੱਭ ਰਾਣੀ ਅਤੇ ਪਰਿਵਾਰ ਵੱਲੋਂ ਪਹਿਲਾ ਅਨਿਲ ਆਦਮ ਸਿਮਰਤੀ ਪੁਰਸਕਾਰ ਮਨਦੀਪ ਔਲਖ ਨੂੰ ਉਹਨਾਂ ਦੀ ਕਿਤਾਬ “ਗ਼ਰਲਜ਼ ਹੋਸਟਲ” ਲਈ ਪ੍ਰਦਾਨ ਕੀਤਾ ਗਿਆ। ਸਨਮਾਨ ਪ੍ਰਵਾਨ ਕਰਨ ਤੋਂ ਬਾਅਦ ਮਨਦੀਪ ਔਲਖ ਨੇ ਅਨਿਲ ਆਦਮ ਦੀ ਕਵਿਤਾ ਦੀ ਸ਼ਕਤੀ ਦੀ ਚਰਚਾ ਕੀਤੀ ਅਤੇ ਇਸ ਸਨਮਾਨ ਨੂੰ ਆਪਣੇ ਉੱਪਰ ਪਈ ਵੱਡੀ ਜ਼ਿੰਮੇਵਾਰੀ ਦੱਸਿਆ। ਨਾਲ ਹੀ ਆਪਣੀਆਂ ਕੁਝ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਸਮਾਗਮ ਦੇ ਤੀਜੇ ਪੜਾਅ ਵਿੱਚ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਗੁਰਜੰਟ ਰਾਜੇਆਣਾ, ਦਵੀ ਸਿੱਧੂ , ਰਿਸ਼ੀ ਹਿਰਦੇਪਾਲ , ਮਨਜੀਤ ਸੂਖ਼ਮ ਅਤੇ ਸੱਤ ਔਜ ਨੇ ਕਵਿਤਾ ਪਾਠ ਕਰਦਿਆਂ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਪੰਜਾਬੀ ਕਵਿਤਾ ਦਾ ਭਵਿੱਖ ਨਵੇਂ ਕਵੀਆਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ।

ਪੰਜਾਬੀ ਦੇ ਨਾਮਵਰ ਸ਼ਾਇਰ ਵਿਜੇ ਵਿਵੇਕ ਦੀਆਂ ਗ਼ਜ਼ਲਾਂ ਨੇ ਮਾਹੌਲ ਨੂੰ ਵਿਸਮਾਦੀ ਰੰਗ ਵਿੱਚ ਰੰਗ ਦਿੱਤਾ। ਮੁੱਖ ਮਹਿਮਾਨ ਜਸਵੰਤ ਜ਼ਫ਼ਰ ਹੁਰਾਂ ਨੇ ਕਿਹਾ ਕਿ ਅਨਿਲ ਆਦਮ ਦੀ ਸਖ਼ਸ਼ੀਅਤ ਦੇ ਬਹੁਤ ਸਾਰੇ ਪਸਾਰ ਸਨ। ਅਨਿਲ ਵਿੱਚ ਵੱਡਾ ਲੇਖਕ ਅਤੇ ਖ਼ੂਬਸੂਰਤ ਮਨੁੱਖ ਬਨਣ ਦੀਆਂ ਸਾਰੀਆਂ ਸੰਭਾਵਨਾਵਾਂ ਸਨ। ਉਹਨਾਂ ਕਲਾਪੀਠ ਨੂੰ ਆਪਣੇ ਪਿਆਰੇ ਸ਼ਾਇਰ ਨੂੰ ਏਨੇ ਭਾਵਪੂਰਤ ਢੰਗ ਨਾਲ ਯਾਦ ਕਰਨ ਲਈ ਮੁਬਾਰਕਬਾਦ ਦਿੱਤੀ।

ਕਰੀਬ ਸਾਢੇ ਤਿੰਨ ਘੰਟੇ ਚੱਲੇ ਇਸ ਸਮਾਗਮ ਵਿੱਚ ਰਾਜੀਵ ਖ਼ਿਆਲ,ਸੰਦੀਪ ਚੌਧਰੀ,ਸੁਨੀਲ ਪ੍ਰਭਾਕਰ,ਦੀਪ ਜਗਦੀਪ ਸਿੰਘ,ਮਨਜਿੰਦਰ ਕਮਲ,ਡਾ. ਜਗਵਿੰਦਰ ਜੋਧਾ , ਸਾਨਿਧਯ ਪ੍ਰਭਾਕਰ ,ਹਰਮਨਦੀਪ ਸਿੰਘ ਆਸਟ੍ਰੇਲੀਆ, ਮੁਸੱੱਵਿਰ ਫ਼ਿਰੋਜ਼ਪੁਰੀ,ਪ੍ਰਭ ਕੈਨੇਡਾ , ਡਾ.ਜਗਦੀਪ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਸੁਖਦੇਵ ਭੱਟੀ,ਦੀਪਕ ਮੰਯਕ ਸ਼ਰਮਾ, ਕਮਲ ਸ਼ਰਮਾ, ਕਰਨਜੀਤ ਦਰਦ, ਜੁਗਰਾਜ ਸਿੰਘ ਆਸਟ੍ਰੇਲੀਆ, ਗੁਰਨਾਮ ਸਿੱਧੂ, ਪਰਮਿੰਦਰ ਥਿੰਦ, ਪਰਮਜੀਤ ਢਿੱਲੋਂ,ਪ੍ਰੋ.ਚਮਨ ਲਾਲ ਅਰੋੜਾ, ਪਵਨਦੀਪ ਚੌਹਾਨ, ਸੰਜੇ,ਸੁਖਵਿੰਦਰ ਸੁੱਖੀ, ਚਿੱਟਾ ਸਿੱਧੂ, ਪ੍ਰੀਤ ਜੱਗੀ, ਜਸਵਿੰਦਰ ਧਰਮਕੋਟ,ਪ੍ਰੋ. ਮਨਜੀਤ ਕੌਰ ਆਜ਼ਾਦ, ਸੰਤੋਸ਼ ਸੇਠੀ, ਪ੍ਰੋ.ਕੁਲਬੀਰ ਮਲਿਕ, ਸੁਖਵਿੰਦਰ ਸਿੰਘ,ਜਬਰ ਮਾਹਲਾ,ਆਰਟਿਸਟ ਤਰਸੇਮ ਰਾਹੀ , ਗੁਰਪਿੰਦਰ ਸਿੰਘ ਭੁੱਲਰ, ਬਲਵਿੰਦਰ ਪਨੇਸਰ, ਗੁਰਦਿਆਲ ਸਿੰਘ ਵਿਰਕ, ਦਵਿੰਦਰ ਨਾਥ ਦਿਲਪ੍ਰੀਤ ਚਾਹਲ, ਵੀਰਪਾਲ ਕੌਰ ਮੋਹਲ,ਅਰੁਣ ਗੋਇਲ , ਸੁਰਿੰਦਰ ਕੰਬੋਜ, ਸੁਰਿੰਦਰ ਢਿੱਲੋਂ,ਸੁਖਵਿੰਦਰ ਭੁੱਲਰ, ਗਿੱਲ ਗੁਲਾਮੀ ਵਾਲਾ,ਮੰਗਤ ਵਜੀਦਪੁਰੀ,ਡਾ.ਰਮੇਸ਼ਵਰ ਕਟਾਰਾ, ਸੁਧੀਰ, ਉਮੇਂਦਰ ਦੱਤ ਖੇਤੀ ਵਿਰਾਸਤ ਮਿਸ਼ਨ , ਨੀਰਜ ਯਾਦਵ, ਹਰਜੀਤ ਸਿੱਧੂ, ਵਿਨੋਦ ਗਰਗ , ਸੰਦੀਪ ਟੰਡਨ ਰਾਕੇਸ਼ ਪਵਾਰ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਪਾਠਕ ਅਤੇ ਅਨਿਲ ਆਦਮ ਦੀ ਕਵਿਤਾ ਨੂੰ ਪਿਆਰ ਕਰਨ ਵਾਲੇ ਮੌਜੂਦ ਸਨ।

ਸਮਾਗਮ ਦੇ ਅੰਤ ਵਿੱਚ ਅੰਜੁਮ ਸ਼ਰਮਾ ਨੇ ਸਭ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦੁਆਇਆ ਕਿ ਅਨਿਲ ਆਦਮ ਦਾ ਪਰਿਵਾਰ ਕਲਾਪੀਠ ਨਾਲ ਹਰ ਤਰ੍ਹਾਂ ਸਹਿਯੋਗ ਕਰਦਾ ਰਹੇਗਾ।

 

Leave a Reply

Your email address will not be published. Required fields are marked *