ਕਿਸਾਨਾਂ ਮਜ਼ਦੂਰਾਂ ਤੇ ਜਨਤਕ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਖਰੜੇ ਦੀਆਂ ਕਾਪੀਆਂ ਸਾੜੀਆਂ
ਦਲਜੀਤ ਕੌਰ, ਲਹਿਰਾਗਾਗਾ
ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਕਿਸਾਨ ਸੰਗਠਨਾਂ ਦੇ ਸਾਂਝੇ ਸੱਦੇ ਉੱਤੇ ਲਹਿਰਾਗਾਗਾ ਇਲਾਕੇ ਦੀਆਂ ਸਮੁੱਚੀਆਂ ਕਿਸਾਨ ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਖਰੜੇ ਦੇ ਵਿਰੋਧ ਵਿੱਚ ਇਸ ਖੇਤੀ ਖਰੜੇ ਦੀਆਂ ਕਾਪੀਆਂ ਫੂਕ ਕੇ ਕਾਲੀ ਲੋਹੜੀ ਮਨਾਈ ਗਈ।
ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰੇ ਸਾਥੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਾਰਪੋਰੇਟਾਂ ਦੇ ਹੱਕ ਵਿੱਚ ਨਵੇਂ ਤੋਂ ਨਵੇਂ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਕੋਜੀਆਂ ਚਾਲਾਂ ਚੱਲ ਰਹੀ ਹੈ। ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਕੇਂਦਰ ਸਰਕਾਰ ਲਗਾਤਾਰ ਖੇਤੀ ਨਾਲ ਸੰਬੰਧਿਤ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਅਤੇ ਸਮੁੱਚੇ ਖੇਤੀਬਾੜੀ ਸੈਕਟਰ ਨੂੰ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਸੈਕਟਰ ਦੇ ਹਵਾਲੇ ਕਰਨਾ ਚਾਹੁੰਦੀ ਹੈl ਉਨਾਂ ਸਮੁੱਚੇ ਸਮਾਜ ਨੂੰ ਇਸ ਜੀਵਨ ਨਾਲ ਜੁੜੇ ਮਹੱਤਵਪੂਰਨ ਖੇਤਰ ਨੂੰ ਬਚਾਉਣ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਖੇਤੀਬਾੜੀ ਲੋਕਾਂ ਦੇ ਜੀਵਨ ਦਾ ਆਧਾਰ ਹੈ। ਖੇਤੀ ਸੈਕਟਰ ਨੂੰ ਵਿਕਾਸ ਦੇ ਏਜੰਡੇ ਵਿੱਚ ਪਹਿਲੀ ਥਾਂ ਦਿੱਤੀ ਜਾਵੇ।
ਨਵੇਂ ਖੇਤੀਬਾੜੀ ਖਰੜੇ ਦੇ ਸੰਬੰਧ ਵਿੱਚ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਰਾ ਖੇਤੀਬਾੜੀ ਖਰੜਾ ਹੀ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਹੈl ਮੁਕਾਬਲੇਬਾਜ਼ੀ ਵਿੱਚ ਸਿਰਫ ਕਾਰਪੋਰੇਟ ਘਰਾਣਿਆਂ ਦਾ ਹੀ ਬੋਲਬਾਲਾ ਹੋਵੇਗਾ। ਮੌਜੂਦਾ ਮੰਡੀਕਰਨ ਬਿਲਕੁਲ ਖਤਮ ਹੋ ਜਾਵੇਗਾ ਤੇ ਵੱਡੇ ਲੋਕ ਸਿੱਧਾ ਖਰੀਦਦਾਰੀ ਕਰਕੇ ਆਪਣੇ ਗਡਾਉਨ ਵਿੱਚ ਭੇਜਣਗੇ। ਜਿਸ ਨਾਲ ਕੇ ਮੰਡੀ ਨਾਲ ਜੁੜੇ ਹੋਏ ਮਜ਼ਦੂਰ, ਆੜਤੀਏ ਅਤੇ ਹੋਰ ਛੋਟੇ ਮੋਟੇ ਕਿੱਤਿਆਂ ਵਾਲੇ ਲੋਕ ਬਿਲਕੁਲ ਬੇਰੁਜ਼ਗਾਰ ਹੋ ਜਾਣਗੇ।
ਮੰਡੀਕਰਨ ਉੱਤੇ ਕਾਰਪੋਰੇਟਾਂ ਦੇ ਕਬਜ਼ੇ ਤੋਂ ਬਾਅਦ ਉਹ ਆਪਣੀ ਮਨ ਮਰਜ਼ੀ ਨਾਲ ਹੀ ਜਿਨਸਾ ਖਰੀਦਣਗੇ ਅਤੇ ਆਮ ਕਿਸਾਨ ਇਸ ਖੇਤੀਬਾੜੀ ਦੇ ਵਿੱਚੋਂ ਬਿਲਕੁਲ ਬਾਹਰ ਹੋ ਜਾਵੇਗਾ। ਸਾਰੇ ਬੁਲਾਰਿਆਂ ਨੇ ਇਸ ਨਵੇਂ ਖੇਤੀਬਾੜੀ ਖਰੜੇ ਨੂੰ ਰੱਦ ਕਰਨ ਦੀ ਚੇਤਾਵਨੀ ਦਿੱਤੀ, ਨਾਲ ਹੀ ਪਹਿਲਾਂ ਹੀ ਚੱਲ ਰਹੀਆਂ ਕਿਸਾਨੀ ਮੰਗਾਂ ਜਿਵੇਂ ਐੱਮਐੱਸਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਅਤੇ ਖੇਤੀਬਾੜੀ ਸੈਕਟਰ ਲਈ ਇਸ ਨਾਲ ਜੁੜੇ ਹੋਏ ਲੋਕਾਂ ਦੀ ਗਿਣਤੀ ਅਨੁਸਾਰ ਬਜਟ ਦਾ ਹਿੱਸਾ ਦੇਣਾ, ਗੈਟ ਸਮਝੋਤੇ ਵਿੱਚੋਂ ਬਾਹਰ ਆਉਣਾ ਅਤੇ ਕਿਸਾਨੀ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਨ ਦੀ ਚੇਤਾਵਨੀ ਦਿੱਤੀl
ਇਸ ਖੇਤੀ ਖਰੜੇ ਦੇ ਵਿਰੋਧ ਵਿੱਚ ਕੀਤੀ ਗਈ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸੰਬੋਧਨ ਕਰਦਿਆਂ ਬਲਵੀਰ ਸਿੰਘ ਜਲੂਰ ਸੂਬਾ ਆਗੂ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸਕੱਤਰ ਸ੍ਰੀ ਬਹਾਦਰ ਸਿੰਘ, ਮਹਿੰਦਰ ਸਿੰਘ ਖੋਖਰ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ, ਜਗਜੀਤ ਸਿੰਘ ਭਟਾਲ ਜ਼ਿਲਾ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਬਲਵਿੰਦਰ ਸਿੰਘ ਘੋੜੇਨਾਵ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਮਾਸਟਰ ਰਘਵੀਰ ਸਿੰਘ ਭਟਾਲ ਲੋਕ ਚੇਤਨਾ ਮੰਚ ਲਹਿਰਾ ਗਾਗਾ, ਲਾਭ ਸਿੰਘ ਗੁਰਨੇ ਬਲਾਕ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਸਤਵੰਤ ਸਿੰਘ ਖਡੇਵਾਲ ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਰਾਜ ਸਿੰਘ ਖੋਖਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਸਟੇਜ ਸਕੱਤਰ ਸ੍ਰੀ ਬਿੰਦਰ ਸਿੰਘ ਖੋਖਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।