All Latest NewsNews FlashPunjab News

ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ (ਏਟਕ) ਵੱਲੋਂ 6 ਫਰਵਰੀ ਨੂੰ ਜ਼ਿਲ੍ਹਾ ਏਐਲਸੀ ਦਫਤਰਾਂ ਸਾਹਮਣੇ ਧਰਨੇ ਦੇਣ ਦਾ ਐਲਾਨ!

 

ਉਸਾਰੀ ਕਿਰਤੀ ਲਾਭਪਾਤਰੀਆਂ ਦੇ ਮੁਕੰਮਲ ਮਸਲੇ ਹੱਲ ਨਾ ਹੋਣ ਤੇ ਲੇਬਰ ਕਮਿਸ਼ਨਰ ਦੇ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ: ਸੁਖਦੇਵ ਸ਼ਰਮਾ

ਲੁਧਿਆਣਾ

ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ( ਰਜਿ:) ਸੂਬਾ ਕਮੇਟੀ ਦੀ ਮੀਟਿੰਗ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਪਰਮਜੀਤ ਢਾਬਾਂ ਵੱਲੋਂ ਕੀਤੀ ਗਈ। ਮੀਟਿੰਗ ਦਾ ਉਦਘਾਟਨ ਏਟਕ ਦੇ ਸੂਬਾ ਸਕੱਤਰ ਸਾਥੀ ਮਨਿੰਦਰ ਭਾਟੀਆ ਨੇ ਕੀਤਾ। ਸਾਥੀ ਭਾਟੀਆ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਕਿਰਤੀ ਵਰਗ ਦੀ ਹਾਲਤ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਗਾਤਾਰ ਬਦ ਤੋਂ ਬਦਤਰ ਕੀਤੀ ਜਾ ਰਹੀ ਹੈ।

ਕੰਮ ਕਰਨ ਦੇ ਘੰਟਿਆਂ ਵਿੱਚ ਵਾਧਾ ਕਰਨ ਦੀ ਗੱਲ ਕਰਕੇ ਕਿਰਤੀਆਂ ਤੋਂ ਉਹਨਾਂ ਦੇ ਜਿਉਣ ਦਾ ਵੀ ਹੱਕ ਖੋਣ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਉਹਨਾਂ ਸੱਦਾ ਦਿੱਤਾ ਕਿ ਸਾਰੇ ਕਿਰਤੀਆਂ ਨੂੰ ਇੱਕਜੁੱਟ ਹੋ ਕੇ ਸਮਾਜਵਾਦੀ ਪ੍ਰਬੰਧ ਲਈ ਲੜਨਾ ਚਾਹੀਦਾ ਹੈ। ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ ਵੱਲੋਂ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਰਿਪੋਰਟਿੰਗ ਕੀਤੀ ਗਈ ਅਤੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਸਾਥੀਆਂ ਤੋਂ ਉਹਨਾਂ ਦੇ ਜ਼ਿਲ੍ਹਿਆਂ ਵਿੱਚ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਲਈ ਗਈ।

ਮੀਟਿੰਗ ਵਿੱਚ ਇਸ ਗੱਲ ‘ਤੇ ਖੁੱਲ੍ਹ ਕੇ ਚਰਚਾ ਹੋਈ ਕਿ ਯੋਗ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ ਅਤੇ ਉਹਨਾਂ ਦੇ ਵਿਦਿਆਰਥੀ ਬੱਚਿਆਂ ਦੇ ਵਜੀਫੇ ਬੇਲੋੜੇ ਇਤਰਾਜ਼ ਲਗਾ ਕੇ ਰੋਕੇ ਜਾ ਰਹੇ ਹਨ। ਇਸੇ ਤਹਿਤ ਲਾਭਪਾਤਰੀ ਉਸਾਰੀ ਕਿਰਤੀਆਂ ਦੇ ਬੱਚਿਆਂ ਦੇ ਵਜ਼ੀਫੇ ਕਾਫੀ ਲੰਬੇ ਸਮੇਂ ਤੋਂ ਲਬਿੰਤ ਪਏ ਹਨ ਅਤੇ ਉਸਾਰੀ ਕਿਰਤੀਆਂ ਦੇ ਖ਼ਾਤੇ ਵਿੱਚ ਲੋਕ ਭਲਾਈ ਸਕੀਮ ਤਹਿਤ ਬਣਦੀ ਵਜੀਫ਼ਾ ਰਾਸ਼ੀ ਨਹੀਂ ਪਾਈ ਜਾ ਰਹੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸ਼ਰਮਾ ਅਤੇ ਸਕੱਤਰ ਜੈਪਾਲ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਵੱਲੋਂ ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ( ਰਜਿ:) ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਬੱਚਿਆਂ ਵੱਲੋਂ ਭਰੇ ਗਏ ਵਜ਼ੀਫ਼ਾ ਫਾਰਮਾਂ ‘ਤੇ ਬੇਲੋੜੇ ਅਤੇ ਗ਼ੈਰ ਵਾਜਿਬ ਇਤਰਾਜ਼ ਲਗਾਏ ਜਾਂਦੇ ਹਨ।

ਇਹਨਾਂ ਇਤਰਾਜਾਂ ਰਾਹੀਂ ਕਿਰਤ ਵਿਭਾਗ ਵੱਲੋਂ ਦੱਸੀਆਂ ਗਈਆਂ ਕਮੀਆ ਨੂੰ ਉਸਾਰੀ ਕਿਰਤੀ ਲਾਭ ਪਾਤਰੀਆਂ ਵੱਲੋਂ ਦੂਰ ਕਰਨ ਦੇ ਬਾਵਜੂਦ ਉਨ੍ਹਾਂ ਦੇ ਵਜੀਫਿਆਂ ਦੇ ਫਾਰਮ ਪਾਸ ਕਰਕੇ ਰਾਸ਼ੀ ਜਾਰੀ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਰਾਹੀਂ ਮੰਗ ਕਰਦੇ ਹੋਏ ਕਿਹਾ ਕਿ ਉਸਾਰੀ ਕਿਰਤੀਆ ਨੂੰ ਦਿੱਤੀਆਂ ਜਾਣ ਵਾਲੀਆਂ ਲੋਕ ਭਲਾਈ ਸਕੀਮਾਂ ਨੂੰ ਪਾਰਦਰਸ਼ੀ ਢੰਗ ਰਾਹੀਂ ਲਾਗੂ ਕਰਵਾਇਆ ਜਾਵੇ ਅਤੇ ਇਸ ਵਿੱਚ ਉਸਾਰੀ ਕਿਰਤੀਆਂ ਨੂੰ ਆ ਰਹੀਆ ਪਰੇਸ਼ਾਨੀਆਂ ਅਤੇ ਖੱਜਲ ਖ਼ੁਆਰੀ ਤੋਂ ਨਿਜ਼ਾਤ ਦਿਵਾਈ ਜਾਵੇ।

ਅੱਜ ਦੀ ਇਸ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸ਼ਰਮਾ ਨੇ ਦੱਸਿਆ ਕਿ 6 ਫਰਵਰੀ ਨੂੰ ਯੋਗ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਉਹਨਾਂ ਨੂੰ ਲਾਭ ਪਾਰਦਰਸ਼ੀ ਢੰਗ ਨਾਲ ਦਿਵਾਉਣ ਲਈ ਜ਼ਿਲ੍ਹਾ ਹੈਡ ਕੁਆਰਟਰਾਂ ਦੇ ਸਹਾਇਕ ਲੇਬਰ ਕਮਿਸ਼ਨਰ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ ਜੇਕਰ ਮਸਲੇ ਹੱਲ ਨਾ ਹੋਏ ਤਾਂ ਦੂਸਰੇ ਗੇੜ ਵਿੱਚ ਫਰਵਰੀ ਦੇ ਅੰਤ ਵਿੱਚ ਲੇਬਰ ਕਮਿਸ਼ਨਰ ਪੰਜਾਬ ਦੇ ਦਫਤਰ ਸਾਹਮਣੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।

ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਐਲਟੀਸੀ ‘ਤੇ ਲਾਭ ਪਾਤਰੀਆਂ ਦੁਆਰਾ ਕੀਤਾ ਗਿਆ ਪੂਰਾ ਖਰਚ ਦਿੱਤਾ ਜਾਵੇ, ਬੋਰਡ ਦੇ ਫੈਸਲਿਆਂ ਮੁਤਾਬਿਕ ਸ਼ਗਨ ਸਕੀਮ ਫਾਰਮ ਜਮਾਂ ਕੀਤੇ ਜਾਣ, ਲੰਮੇ ਸਮੇਂ ਤੋਂ ਪੈਂਡਿੰਗ ਪੈਨਸ਼ਨ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ,ਅਗਰੇਸ਼ੀਆ ਵਿੱਚ ਗ੍ਰੇਅ ਸਪੀਡ ਤੇ ਸੈਕਟਰੀ ਤੋਂ ਮਨਜ਼ੂਰੀ ਲੈਣ ਦੀ ਵਾਧੂ ਪਰੰਪਰਾ ਬੰਦ ਕੀਤੀ ਜਾਵੇ।

ਮੀਟਿੰਗ ਵਿੱਚ ਲਏ ਗਏ ਇੱਕ ਹੋਰ ਅਹਿਮ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਸਾਥੀ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਯੂਨੀਅਨ ਦੇ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਥੀ ਜੈਪਾਲ ਕਪੂਰਥਲਾ ਨੂੰ ਸਕੱਤਰ ਅਤੇ ਪਰਮਜੀਤ ਢਾਬਾਂ ਨੂੰ ਸਹਾਇਕ ਸਕੱਤਰ ਲਗਾਇਆ ਗਿਆ। ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਭਰਪੂਰ ਸਿੰਘ ਬੁਲਾਪੁਰ,ਖਿਜਾਨਚੀ ਪ੍ਰਦੀਪ ਚੀਮਾ,ਸੁਖਦੇਵ ਕਪੂਰਥਲਾ,ਸੰਜੇ ਕੁਮਾਰ,ਲੀਲੇ ਖਾਂ, ਸੁਰਿੰਦਰ ਸਿੰਘ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ ਅਤੇ ਜਰਨੈਲ ਢਾਬਾਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

 

Leave a Reply

Your email address will not be published. Required fields are marked *