All Latest NewsNews FlashPunjab News

ਪੰਜਾਬ ਸਰਕਾਰ 72 ਹੋਰ ਅਧਿਆਪਕਾਂ ਨੂੰ ਭੇਜੇਗੀ ਵਲੈਤ, 2 ਫਰਵਰੀ ਤੱਕ ਕਰੋ ਅਪਲਾਈ

 

ਪੰਜਾਬ ਸਰਕਾਰ ਵੱਲੋਂ ਫਿਨਲੈਂਡ ‘ਚ ਸਿਖਲਾਈ ਲਈ ਭੇਜਣ ਵਾਸਤੇ ਪ੍ਰਾਇਮਰੀ ਤੇ ਐਲੀਮੈਂਟਰੀ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਸ਼ੁਰੂ

ਚਾਹਵਾਨ ਅਧਿਆਪਕ 2 ਫਰਵਰੀ ਤੱਕ ਈ-ਪੰਜਾਬ ਸਕੂਲ ਪੋਰਟਲ ‘ਤੇ ਕਰ ਸਕਦੇ ਹਨ ਆਨਲਾਈਨ ਅਪਲਾਈ: ਹਰਜੋਤ ਸਿੰਘ ਬੈਂਸ

ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਸਰਕਾਰ ਦੇ ਪ੍ਰੋਗਰਾਮ ਦਾ ਲਾਭ ਲੈਣ ਦਾ ਸੱਦਾ ਦਿੱਤਾ

ਉਮੀਦਵਾਰਾਂ ਲਈ ਸਾਬਕਾ ਤੇ ਮੌਜੂਦਾ ਵਿਦਿਆਰਥੀਆਂ ਦੇ ਮਾਪਿਆਂ ਦੀਆਂ 20 ਸਿਫ਼ਾਰਿਸ਼ਾਂ ਹੋਣੀਆਂ ਜ਼ਰੂਰੀ

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਮਿਆਰ ਦੇ ਬਰਾਬਰ ਕਰਨ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤਹਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿੱਚ ਸਿਖਲਾਈ ਲਈ ਭੇਜਣ ਵਾਸਤੇ ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਸ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 72 ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ (ਬੀ.ਪੀ.ਈ.ਓਜ਼, ਸੀ.ਐਚ.ਟੀਜ਼, ਐਚ.ਟੀਜ਼) ਦੇ ਦੂਜੇ ਬੈਚ ਨੂੰ ਸਿਖਲਾਈ ਲਈ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ‘ਚ ਭੇਜਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਤਿੰਨ ਹਫ਼ਤਿਆਂ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਇੱਕ ਹਫ਼ਤਾ ਪੰਜਾਬ ‘ਚ ਸਿਖਲਾਈ ਦਿੱਤੀ ਜਾਵੇਗੀ ਅਤੇ ਫਿਰ ਦੋ ਹਫ਼ਤੇ ਦੀ ਸਿਖਲਾਈ ਫਿਨਲੈਂਡ ‘ਚ ਹੋਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਅਧਿਆਪਕ 2 ਫਰਵਰੀ, 2025 ਸ਼ਾਮ 5 ਵਜੇ ਤੱਕ ਈ-ਪੰਜਾਬ ਸਕੂਲ ਪੋਰਟਲ epunjabschool.gov.in ਉਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਸਿਖਲਾਈ ਲਈ ਜਾਣ ਵਾਲੇ ਉਮੀਦਵਾਰਾਂ ਦੀ ਉਮਰ 31 ਜਨਵਰੀ, 2025 ਤੱਕ 43 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ, ਜਦੋਂਕਿ ਐਚ.ਟੀ., ਸੀ.ਐਚ.ਟੀ. ਅਤੇ ਬੀ.ਪੀ.ਈ.ਓ. ਦੀ ਉਮਰ 48 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਸ ਤੋਂ ਇਲਾਵਾ ਬਿਨੈਕਾਰਾਂ ਕੋਲ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ ਜਿਸਦੀ ਵੈਧਤਾ ਘੱਟੋ ਘੱਟ ਸਤੰਬਰ 2025 ਤੱਕ ਹੋਵੇ। ਇਸ ਦੇ ਨਾਲ ਹੀ ਉਮੀਦਵਾਰਾਂ ਵਿਰੁੱਧ ਕੋਈ ਵੀ ਲੰਬਿਤ ਚਾਰਜਸ਼ੀਟ, ਇਨਕੁਆਰੀ ਜਾਂ ਅਪਰਾਧਿਕ ਮਾਮਲਾ ਨਹੀਂ ਹੋਣਾ ਚਾਹੀਦਾ।

ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦਰਸਾਉਂਦੇ 20 ਰੈਕਮੈਂਡੇਸ਼ਨ ਜਾਂ ਰੈਫਰੈਂਸ ਪ੍ਰਦਾਨ ਕਰਨੇ ਪੈਣਗੇ, ਜਿਨ੍ਹਾਂ ਵਿੱਚੋਂ 10 ਮੌਜੂਦਾ ਵਿਦਿਆਰਥੀਆਂ ਦੇ ਮਾਪਿਆਂ ਅਤੇ 10 ਸਾਬਕਾ ਵਿਦਿਆਰਥੀਆਂ ਦੇ ਮਾਪਿਆਂ ਦੇ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ) ਵੱਲੋਂ 3 ਫਰਵਰੀ ਨੂੰ ਤਸਦੀਕ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਬੈਂਸ ਨੇ ਕਿਹਾ ਕਿ ਮੁੱਢਲੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਸਾਰੇ ਉਮੀਦਵਾਰ ਦੂਜੇ ਦੌਰ ਵਿੱਚ ਜਾਣਗੇ। ਦੂਜੇ ਰਾਊਂਡ ਵਿੱਚ ਵਿਦਿਅਕ ਯੋਗਤਾ, ਤਜਰਬੇ, ਏ.ਸੀ.ਆਰ., ਇੰਟਰਵਿਊ-ਕਮ-ਪ੍ਰੈਜ਼ੈਂਟੇਸ਼ਨ ਵਿੱਚ ਕਾਰਗੁਜ਼ਾਰੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ‘ਚ ਯੋਗਦਾਨ ਦੇ ਆਧਾਰ ‘ਤੇ ਯੋਗ ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ।

ਯੋਗ ਅਧਿਆਪਕਾਂ ਨੂੰ ਰਾਜ ਸਰਕਾਰ ਦੇ ਇਸ ਸਿਖਲਾਈ ਪ੍ਰੋਗਰਾਮ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਹੁਨਰ ਨੂੰ ਨਿਖਾਰਨ ਲਈ ਸਮਰਪਿਤ ਹੈ ਤਾਂ ਜੋ ਸੂਬੇ ਨੂੰ ਦੇਸ਼ ਭਰ ‘ਚੋਂ ਸਕੂਲ ਸਿੱਖਿਆ ਵਿੱਚ ਮੋਹਰੀ ਬਣਾਇਆ ਜਾ ਸਕੇ।

 

One thought on “ਪੰਜਾਬ ਸਰਕਾਰ 72 ਹੋਰ ਅਧਿਆਪਕਾਂ ਨੂੰ ਭੇਜੇਗੀ ਵਲੈਤ, 2 ਫਰਵਰੀ ਤੱਕ ਕਰੋ ਅਪਲਾਈ

  • Transfer plzz

    Ohh bharwo sadi transfer krdo 6635 walya di hor hi kuma ch ulje pye o

    Reply

Leave a Reply

Your email address will not be published. Required fields are marked *